''ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ''

04/01/2020 6:15:30 PM

ਚੇਨਈ— ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਕਰ ਕੇ ਲਾਕ ਡਾਊਨ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰਾਂ 'ਚ ਹੀ ਬੰਦ ਰਹਿਣ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪੁਲਸ ਲਾਕ ਡਾਊਨ ਨੂੰ ਸਫਲ ਬਣਾਉਣ 'ਚ ਅਹਿਮ ਰੋਲ ਅਦਾ ਕਰ ਰਹੀ ਹੈ। ਦੇਸ਼ 'ਚ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਪਰ ਫਿਰ ਵੀ ਲੋਕ ਇਸ ਨੂੰ ਗੰਭੀਰਤਾ ਨਾਲ ਲੈਂਦੇ ਨਜ਼ਰ ਨਹੀਂ ਆ ਰਹੇ ਹਨ। ਲਾਕ ਡਾਊਨ ਦੇ ਬਾਵਜੂਦ ਸੜਕਾਂ 'ਤੇ ਲੋਕਾਂ ਦੀ ਵੱਡੀ ਭੀੜ ਨਜ਼ਰ ਆ ਰਹੀ ਹੈ। ਕੁਝ ਅਜਿਹੀਆਂ ਹੀ ਤਸਵੀਰਾਂ ਚੇਨਈ ਤੋਂ ਸਾਹਮਣੇ ਆਈਆਂ ਹਨ, ਇੱਥੋਂ ਦੇ ਫਲਾਈਓਵਰ 'ਤੇ ਆਮ ਦਿਨਾਂ ਵਾਂਗ ਹੀ ਟ੍ਰੈਫਿਕ ਜਾਮ ਲੱਗ ਗਿਆ।

ਪੁਲਸ ਹਰ ਆਉਂਦੇ-ਜਾਂਦੇ ਦੀ ਚੈਕਿੰਗ ਕਰ ਰਹੀ ਹੈ ਅਤੇ ਲੋਕਾਂ ਨੂੰ ਘਰਾਂ 'ਚ ਬੈਠਣ ਦੀ ਬੇਨਤੀ ਕਰ ਰਹੀ ਹੈ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪੁਲਸ ਦੱਸ ਰਹੀ ਹੈ ਕਿ ਘਰਾਂ 'ਚ ਰਹਿ ਕੇ ਹੀ ਤੁਸੀਂ ਸੁਰੱਖਿਅਤ ਰਹਿ ਸਕਦੇ ਹੋ। ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਵਾਇਰਸ ਨੂੰ ਹਰਾਉਣਾ ਮੁਸ਼ਕਲ ਹੈ।



ਦੱਸ ਦੇਈਏ ਕਿ ਦੇਸ਼ 'ਚ ਹੁਣ ਤਕ ਵਾਇਰਸ ਦੀ ਵਜ੍ਹਾ ਤੋਂ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1300 ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। 24 ਮਾਰਚ ਨੂੰ 21 ਦਿਨਾਂ ਦਾ ਲਾਕ ਡਾਊਨ ਸ਼ੁਰੂ ਹੋਇਆ, ਜੋ ਕਿ 14 ਅਪ੍ਰੈਲ ਤਕ ਜਾਰੀ ਰਹੇਗਾ। ਇਸ ਦੌਰਾਨ ਘਰਾਂ 'ਚੋਂ ਬਾਹਰ ਨਿਕਲਣ, ਕਿਸੇ ਤਰ੍ਹਾਂ ਦੇ ਪ੍ਰੋਗਰਾਮ ਕਰਨ ਜਾਂ ਭੀੜ ਇਕੱਠੀ ਕਰਨ 'ਤੇ ਮਨਾਹੀ ਹੈ ਪਰ ਫਿਰ ਵੀ ਲੋਕ ਲਾਕ ਡਾਊਨ ਦਾ ਪਾਲਣ ਕਰਦੇ ਨਜ਼ਰ ਨਹੀਂ ਆ ਰਹੇ ਹਨ। ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਉਹ ਵਾਇਰਸ ਤੋਂ ਬਚਣ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੂਜੇ ਦੇਸ਼ਾਂ ਵਾਂਗ ਸਾਨੂੰ ਵੀ ਪਛਤਾਉਣਾ ਪਵੇਗਾ। ਕੋਰੋਨਾ ਕਾਰਨ ਇਟਲੀ 'ਚ ਹਾਲਾਤ ਇਸ ਸਮੇਂ ਬਹੁਤ ਖਰਾਬ ਹਨ। ਇੱਥੇ ਮੌਤਾਂ ਦਾ ਅੰਕੜਾ 12 ਹਜ਼ਾਰ ਤੋਂ ਪਾਰ ਹੋ ਗਿਆ ਹੈ। ਦੁਨੀਆ ਭਰ 'ਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 42 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ ਅਤੇ 8 ਲੱਖ 58 ਹਜ਼ਾਰ ਤੋਂ ਵਧੇਰੇ ਲੋਕ ਵਾਇਰਸ ਤੋਂ ਪੀੜਤ ਹਨ। ਚੀਨ ਤੋਂ ਫੈਲਿਆ ਇਹ ਜਾਨਲੇਵਾ ਵਾਇਰਸ 200 ਦੇ ਕਰੀਬ ਦੇਸ਼ਾਂ 'ਚ ਫੈਲ ਚੁੱਕਾ ਹੈ।

Tanu

This news is Content Editor Tanu