''ਲਾਕਡਾਊਨ'' ''ਚ ਸਰਕਾਰ ਨੇ ਦਿੱਤੀ ਵੱਡੀ ਰਾਹਤ ਪਰ ਇਨ੍ਹਾਂ ਦੁਕਾਨਾਂ ਦੇ ਸ਼ਟਰ ਰਹਿਣਗੇ ''ਡਾਊਨ''

04/25/2020 12:33:22 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ 3 ਮਈ ਤੱਕ ਲਾਕਡਾਊਨ ਲਾਗੂ ਹੈ। ਇਸ ਦਰਮਿਆਨ ਸਰਕਾਰ ਨੇ ਵੱਡੀ ਰਾਹਤ ਦਿੰਦੇ ਹੋਏ ਸ਼ਨੀਵਾਰ ਨੂੰ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਹੈ। ਇਸ ਵਿਚ ਜ਼ਰੂਰੀ ਅਤੇ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਸ਼ਾਮਲ ਹਨ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਨ੍ਹਾਂ ਦੁਕਾਨਾਂ ਵਿਚ ਕੰਮ ਕਰਨ ਵਾਲਿਆਂ ਨੂੰ ਲਾਕਡਾਊਨ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ। ਹਾਲਾਂਕਿ ਗ੍ਰਹਿ ਮੰਤਰਾਲਾ ਨੇ ਸ਼ਾਪਿੰਗ ਮਾਲਜ਼ ਅਤੇ ਮਾਰਕੀਟ ਕੰਪਲੈਕਸ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਹੈ।

ਗ੍ਰਹਿ ਮੰਤਰਾਲਾ ਨੇ ਸਾਫ ਕੀਤਾ ਹੈ ਕਿ ਦਿਹਾਤੀ ਖੇਤਰਾਂ 'ਚ ਸ਼ਾਪਿੰਗ ਮਾਲਜ਼ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਅਰਬਨ ਇਲਾਕੇ, ਸ਼ਹਿਰੀ ਖੇਤਰਾਂ 'ਚ, ਰਿਹਾਇਸ਼ੀ ਕੰਪਲੈਕਸਾਂ 'ਚ ਅਤੇ ਗੁਆਂਢ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੈ ਪਰ ਬਜ਼ਾਰ/ਮਾਰਕੀਟ ਕੰਪਲੈਕਸਾਂ 'ਚ ਸ਼ਾਪਿੰਗ ਮਾਲ 'ਚ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਈ-ਕਾਮਰਸ ਕੰਪਨੀਆਂ ਦੁਆਰਾ ਵਿਕਰੀ ਨੂੰ ਸਿਰਫ ਜ਼ਰੂਰੀ ਚੀਜ਼ਾਂ ਲਈ ਆਗਿਆ ਦੇਣਾ ਜਾਰੀ ਰਹੇਗਾ. ਇਹ ਹੋਰ ਸਪੱਸ਼ਟ ਕੀਤਾ ਗਿਆ ਹੈ ਕਿ ਸ਼ਰਾਬ ਅਤੇ ਹੋਰ ਚੀਜ਼ਾਂ ਦੀ ਵਿਕਰੀ 'ਤੇ ਰੋਕ ਹੈ।

ਗ੍ਰਹਿ ਮੰਤਰਾਲਾ ਦੇ ਆਦੇਸ਼ ਮੁਤਾਬਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਉਹ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ, ਜੋ ਸ਼ਾਪਸ ਐਂਡ ਐਸਟੇਬਲਿਸ਼ਮੈਂਟ ਐਕਟ ਤਹਿਤ ਰਜਿਸਟਰਡ ਹਨ। ਇਹ ਛੋਟ ਉਨ੍ਹਾਂ ਦੁਕਾਨਾਂ ਨੂੰ ਹੈ, ਜੋ ਨਗਰ ਨਿਗਮ ਅਤੇ ਨਗਰ ਪਾਲਿਕਾ ਦੇ ਦਾਇਰੇ ਵਿਚ ਨਹੀਂ ਆਉਂਦੇ। ਇਸ ਦਾ ਮਤਲਬ ਹੈ ਕਿ ਨਗਰ ਨਿਗਮ ਅਤੇ ਨਗਰਪਾਲਿਕਾ ਦੇ ਦਾਇਰੇ ਵਿਚ  ਆਉਣ ਵਾਲੀਆਂ ਦੁਕਾਨਾਂ, ਮਾਲ ਅਤੇ ਮਾਰਕੀਟ ਕੰਪਲੈਕਸ ਦੇ ਸਾਰੇ ਸ਼ਟਰ ਬੰਦ ਰਹਿਣਗੇ। ਸਿੰਗਲ ਬਰਾਂਡ ਅਤੇ ਮਲਟੀ ਬਰਾਂਡ ਦੀਆਂ ਦੁਕਾਨਾਂ 'ਤੇ ਲਾਕਡਾਊਨ ਅਜੇ ਕਾਇਮ ਰਹੇਗਾ।

ਮੰਤਰਾਲਾ ਵਲੋਂ ਜਾਰੀ ਛੋਟ ਉਨ੍ਹਾਂ ਇਲਾਕਿਆਂ 'ਚ ਪ੍ਰਭਾਵੀ ਨਹੀਂ ਹੋਵੇਗੀ, ਜਿੱਥੇ ਕੋਰੋਨਾ ਦੀ ਵਜ੍ਹਾ ਨਾਲ ਹੌਟਸਪੌਟ ਜ਼ੋਨ ਜਾਂ ਫਿਰ ਕੰਨਟੇਨਮੈਂਟ ਜ਼ੋਨ ਐਲਾਨੇ ਗਏ ਹਨ। ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਿਨੇਮਾ ਹਾਲ, ਮਾਲ, ਸ਼ਾਪਿੰਗ ਕੰਪਲੈਕਸ, ਜਿਮ, ਸਪੋਰਟਸ ਕੰਪਲੈਕਸ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਬਾਰ ਅਤੇ ਅਸੈਂਬਲੀ ਹਾਲ ਲਾਕਡਾਊਨ ਖਤਮ ਹੋਣ ਤੱਕ ਬੰਦ ਹੀ ਰਹਿਣਗੇ।

Tanu

This news is Content Editor Tanu