ਲਾਕਡਾਊਨ : ਕੇਂਦਰ ਸਰਕਾਰ ਦੀ ਸਖਤੀ ਤੋਂ ਬਾਅਦ ਨਰਮ ਪਏ ਮਮਤਾ ਦੇ ਸੁਰ

04/22/2020 5:56:00 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਲਾਕਡਾਊਨ 'ਤੇ ਕੇਂਦਰ ਸਰਕਾਰ ਦੇ ਸਖਤ ਰੁਖ ਤੋਂ ਬਾਅਦ ਬੰਗਾਲ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸੁਰ ਨਰਮ ਪੈ ਗਏ ਹਨ। ਬੰਗਾਲ ਸਰਕਾਰ ਨੇ ਕੇਂਦਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਮੌਜੂਦਾ ਸਮੇਂ 'ਚ ਜਾਰੀ ਲਾਕਡਾਊਨ ਨਾਲ ਸੰਬੰਧਤ ਸਾਰੇ ਆਦੇਸ਼ਾਂ ਦੀ ਪਾਲਣਾ ਕਰੇਗੀ। ਮਮਤਾ ਸਰਕਾਰ ਨੇ ਇਸ ਦੇ ਨਾਲ ਹੀ ਸੂਬੇ 'ਚ ਜ਼ਮੀਨੀ ਸਥਿਤੀ ਦਾ ਆਕਲਨ ਕਰਨ ਵਾਲੀਆਂ 2 ਕੇਂਦਰੀ ਟੀਮਾਂ ਦਾ ਪੂਰਾ ਸਹਿਯੋਗ ਕਰਨ ਦਾ ਵੀ ਭਰੋਸਾ ਦਿੱਤਾ ਹੈ।

ਮਮਤਾ 'ਤੇ ਲੱਗਾ ਕੇਂਦਰੀ ਟੀਮ ਦੇ ਕੰਮ 'ਚ ਰੁਕਾਵਟ ਪਾਉਣ ਦਾ ਦੋਸ਼
ਇਹ ਭਰੋਸਾ ਉਦੋਂ ਦਿੱਤਾ ਗਿਆ, ਜਦੋਂ ਕੇਂਦਰ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ 'ਤੇ ਕੋਰੋਨਾ ਵਾਇਰਸ ਦੇ ਜ਼ਮੀਨੀ ਹਾਲਾਤ ਦਾ ਆਕਲਨ ਕਰਨ ਲਈ ਤਾਇਨਾਤ ਕੇਂਦਰੀ ਟੀਮ ਦੇ ਕੰਮ 'ਚ ਰੁਕਾਵਟ ਪਾਉਣ ਦਾ ਦੋਸ਼ ਲਾਇਆ। ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੋਵਿਡ-19 ਹਾਲਾਤ ਮੁੰਬਈ, ਪੁਣੇ, ਜੈਪੁਰ, ਕੋਲਕਾਤਾ ਅਤੇ ਪੱਛਮੀ ਬੰਗਾਲ 'ਚ ਕੁਝ ਹੋਰ ਥਾਂਵਾਂ 'ਤੇ ਖਾਸ ਤੌਰ 'ਤੇ ਗੰਭੀਰ ਹੈ ਅਤੇ ਲਾਕਡਾਊਨ ਸੰਬੰਧੀ ਕਦਮਾਂ ਦੀ ਉਲੰਘਣਾ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਹੈ। ਪੱਛਮੀ ਬੰਗਾਲ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਹਾਲਾਂਕਿ ਕੇਂਦਰੀ ਟੀਮਾਂ ਦੇ ਦੌਰੇ ਨੂੰ 'ਐਡਵੇਂਚਰ ਟੂਰਿਜ਼ਮ' ਦੱਸਿਆ ਸੀ ਅਤੇ ਪੁੱਛਿਆ ਸੀ ਕਿ ਅਜਿਹੇ ਵਫ਼ਦ ਉਨਾਂ ਸੂਬਿਆਂ 'ਚ ਕਿਉਂ ਨਹੀਂ ਭੇਜੇ ਗਏ, ਜਿੱਥੇ ਇਨਫੈਕਸ਼ਨ ਦੇ ਵਧ ਮਾਮਲੇ ਹਨ।

ਸਿਆਸੀ ਰੋਟੀਆਂ ਸੇਕ ਰਹੀਆਂ ਮਮਤਾ- ਧਨਖੜ
ਲਾਕਡਾਊਨ 'ਤੇ ਕੇਂਦਰ ਤੋਂ ਚੱਲ ਰਹੀ ਤਨਾਤਨੀ ਦਰਮਿਆਨ ਪੱਛਮੀ ਬੰਗਾਲ ਦੇ ਰਾਜਪਾਲ ਧਨਖੜ ਨੇ ਮਮਤਾ 'ਤੇ ਨਿਸ਼ਾਨਾ ਸਾਧਿਆ ਹੈ। ਉਨਾਂ ਨੇ ਮਮਤਾ ਬੈਨਰਜੀ 'ਤੇ ਦੋਸ਼ ਲਗਾਇਆ ਹੈ ਕਿ ਮਮਤਾ ਸਰਕਾਰ ਅਜਿਹੀ ਸੰਕਟ ਦੀ ਘੜੀ 'ਚ ਸਿਆਸੀ ਰੋਟੀਆਂ ਸੇਕ ਰਹੀ ਹੈ। ਇਹ ਸਮਾਂ ਰਾਜਨੀਤੀ ਦਾ ਨਹੀਂ ਹੈ ਪਰ ਉਹ ਰਾਜਨੀਤੀ ਕਰ ਰਹੀ ਹੈ। ਸੂਬੇ 'ਚ ਲਾਕਡਾਊਨ ਦਾ ਪਾਲਣ ਨਹੀਂ ਹੋ ਰਿਹਾ ਹੈ। ਧਾਰਮਿਕ ਆਯੋਜਨ ਕੀਤੇ ਜਾ ਰਹੇ ਹਨ। ਉਨਾਂ ਨੇ ਦੋਸ਼ ਲਗਾਇਆ,''ਮੈਂ ਸੂਬਾ ਸਰਕਾਰ ਨੂੰ ਕਈ ਵਾਰ ਸਾਵਧਾਨ ਕੀਤਾ। ਇਹ ਤੀਜਾ ਵਿਸ਼ਵ ਯੁੱਧ ਹੈ। ਉਨਾਂ ਕਿਹਾ ਕਿ ਇਹ ਸਿਆਸੀ ਰੋਟੀਆਂ ਸੇਕਣ ਦਾ ਸਮਾਂ ਨਹੀਂ ਹੈ।

DIsha

This news is Content Editor DIsha