ਜਾਨਲੇਵਾ ਕੋਰੋਨਾ : ਬੈਂਕਾਕ ਤੋਂ ਕੋਲਕਾਤਾ ਹਵਾਈ ਅੱਡੇ ਪੁੱਜੇ 2 ਯਾਤਰੀ ਪੀੜਤ

02/13/2020 3:55:47 PM

ਕੋਲਕਾਤਾ— ਬੈਂਕਾਕ ਤੋਂ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਪਹੁੰਚੇ 2 ਯਾਤਰੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਭਾਰਤੀ ਹਵਾਈ ਅੱਡਾ ਅਥਾਰਟੀ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਪੀੜਤ ਯਾਤਰੀਆਂ ਨੂੰ ਮਿਲਾ ਕੇ ਕੋਲਕਾਤਾ 'ਚ ਕੋਰੋਨਾ ਵਾਇਰਸ ਦੇ 3 ਮਾਮਲੇ ਹੋ ਗਏ ਹਨ। ਕੋਲਕਾਤਾ ਹਵਾਈ ਅੱਡੇ ਦੇ ਡਾਇਰੈਕਟਰ ਕੌਸ਼ਿਕ ਭੱਟਾਚਾਰੀਆ ਨੇ ਕਿਹਾ ਕਿ ਦੋ ਵਿਅਕਤੀਆਂ— ਹਿਮਾਦਰੀ ਬਰਮਨ ਨੂੰ ਮੰਗਲਵਾਰ ਅਤੇ ਨਾਗੇਂਦਰ ਸਿੰਘ ਨੂੰ ਬੁੱਧਵਾਰ ਨੂੰ ਵਾਇਰਸ ਕਾਰਨ ਪੀੜਤ ਪਾਇਆ ਗਿਆ। ਦੋਹਾਂ ਨੂੰ ਬੇਲੀਆਘਾਟ ਆਈ. ਡੀ. ਹਸਪਤਾਲ ਭੇਜਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਨੀਤਾ ਓਰਾਂਵ ਨਾਮੀ ਯਾਤਰੀ ਨੂੰ ਵੀ ਥਰਮਲ ਸਕ੍ਰੀਨਿੰਗ ਦੌਰਾਨ ਵਾਇਰਸ ਦੀ ਲਪੇਟ 'ਚ ਪਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਕੋਲਕਾਤਾ ਤੋਂ ਚੀਨ ਦਰਮਿਆਨ ਸਿੱਧੀ ਉਡਾਣ ਸੰਚਾਲਤ ਕਰਨ ਵਾਲੀਆਂ ਦੋ ਜਹਾਜ਼ ਕੰਪਨੀਆਂ ਨੇ ਆਪਣੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਉੱਥੇ ਹੀ ਇੰਡੀਗੋ ਨੇ ਕੋਲਕਾਤਾ ਅਤੇ ਗੁਆਂਗਝੂ ਵਿਚਾਲੇ 6 ਫਰਵਰੀ ਤੋਂ ਆਪਣੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਚੀਨ 'ਚ ਫੈਲਿਆ ਇਹ ਵਾਇਰਸ ਜਾਨਲੇਵਾ ਹੈ। ਚੀਨ 'ਚ ਇਸ ਵਾਇਰਸ ਨਾਲ 1300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ 'ਚ ਲੋਕ ਪੀੜਤ ਹਨ।

Tanu

This news is Content Editor Tanu