'ਜਨਤਾ ਕਰਫਿਊ' : ਵਾਇਰਸ ਨੂੰ ਮਿਲੇਗੀ ਮਾਤ, ਜੇਕਰ ਅੱਜ ਛੱਡ ਦਿਓ ਇਹ 5 ਕੰਮ

03/22/2020 7:27:02 AM

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 315 ਦੇ ਨੇੜੇ ਪਹੁੰਚ ਗਈ ਹੈ। ਸੰਕਰਮਣ ਜ਼ਰੀਏ ਫੈਲ ਰਹੀ ਬਿਮਾਰੀ ਵਿਚਕਾਰ ਰੇਲਵੇ ਸਟੇਸ਼ਨਾਂ ਵਿਚ ਭੀੜ ਵਧਣ ਕਾਰਨ ਸਮੱਸਿਆ ਵੱਧ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ‘ਜਨਤਾ ਕਰਫਿਊ’ ਦਾ ਐਲਾਨ 22 ਮਾਰਚ ਨੂੰ, ਭਾਵ ਅੱਜ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਕੀਤਾ ਹੈ। ਪੀ. ਐੱਮ. ਮੋਦੀ ਨੇ ਸਾਰੇ ਦੇਸ਼ ਵਾਸੀਆਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।

ਦਰਅਸਲ, ਇਸ ਵਾਇਰਸ ਲਈ ਹੁਣ ਤੱਕ ਕੋਈ ਦਵਾਈ ਨਹੀਂ ਬਣੀ ਹੈ ਅਤੇ ਇਸ ਨੂੰ ਰੋਕਣ ਦਾ ਇਕੋ-ਇਕ ਤਰੀਕਾ ਹੈ ਕਿ ਵੱਧ ਤੋਂ ਵੱਧ ਦੂਰੀ ਬਣਾਈ ਰੱਖਣਾ ਤਾਂ ਕਿ ਇਸ ਦਾ ਵਾਇਰਸ ਨੂੰ ਦੂਜੇ ਲੋਕਾਂ ਤੱਕ ਪਹੁੰਚਣ ਤੋਂ ਰੋਕਿਆ ਜਾ ਸਕੇ। ਜਨਤਾ ਕਰਫਿਊ ਦੌਰਾਨ ਆਮ ਨਾਗਰਿਕਾਂ ਦੀ ਵੀ ਇਹ ਡਿਊਟੀ ਬਣਦੀ ਹੈ ਕਿ ਉਹ ਇਸ ਦੌਰਾਨ ਅਜਿਹੀਆਂ 5 ਚੀਜ਼ਾਂ ਨਾ ਕਰਨ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

 

ਇਹ ਕੰਮ ਨਾ ਕਰੋ-
1) ਇਸ ਬਿਮਾਰੀ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਹਨ। ਸਰਕਾਰੀ ਜਾਣਕਾਰੀ ਤੋਂ ਬਿਨਾਂ ਜਨਤਕ ਕਰਫਿਊ ਦੌਰਾਨ ਕੋਈ ਜਾਣਕਾਰੀ ਨਾ ਫੈਲਾਓ। ਕਿਸੇ ਵੀ ਵਟਸਐਪ ਵੀਡੀਓ, ਮੈਸੇਜ, ਨੰਬਰ ਨੂੰ ਅੱਗੇ ਨਾ ਭੇਜੋ ਤਾਂ ਜੋ ਇਸ ਬਿਮਾਰੀ ਨਾਲ ਜੁੜੀ ਕਿਸੇ ਵੀ ਜਾਣਕਾਰੀ ਨੂੰ ਗਲਤ ਤਰੀਕੇ ਨਾਲ ਵਧਾਇਆ-ਚੜ੍ਹਾਇਆ ਨਾ ਜਾਵੇ।

2) ਘਬਰਾਹਟ ਵਿਚ ਖਰੀਦਦਾਰੀ ਲਈ ਬਾਜ਼ਾਰਾਂ ਵਿਚ ਨਾ ਘੁੰਮੋ। ਸਰਕਾਰ ਵਾਰ-ਵਾਰ ਇਹ ਕਹਿ ਰਹੀ ਹੈ ਕਿ ਖਾਣ-ਪੀਣ ਦੀਆਂ ਵਸਤਾਂ ਦੀ ਘਾਟ ਨਹੀਂ ਹੈ ਪਰ ਜੇਕਰ ਲੋਕ ਇਸ ਤਰ੍ਹਾਂ ਖਰੀਦਣਗੇ, ਤਾਂ ਬਾਜ਼ਾਰ ਵਿਚ ਚੀਜ਼ਾਂ ਦੀ ਜ਼ਰੂਰ ਘਾਟ ਹੋਵੇਗੀ ਅਤੇ ਉੱਥੇ ਹਫੜਾ-ਦਫੜੀ ਹੋ ਸਕਦੀ ਹੈ। ਸਿਰਫ ਦੁੱਧ, ਦਵਾਈਆਂ ਤੇ ਸਬਜ਼ੀਆਂ ਵਰਗੀਆਂ ਮਹੱਤਵਪੂਰਣ ਚੀਜ਼ਾਂ ਹੀ ਖਰੀਦੋ।

3) ਅੱਜ ਘਰੋਂ ਬਾਹਰ ਬਿਲਕੁਲ ਨਾ ਨਿਕਲੋ ਕਿਉਂਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਦੂਸਰੇ ਵੀ ਤੁਹਾਨੂੰ ਦੇਖ ਕੇ ਅਜਿਹਾ ਕਰ ਸਕਦੇ ਹਨ। ਜ਼ਿੰਮੇਵਾਰੀ ਲਓ ਤੇ ਦੂਜਿਆਂ ਨੂੰ ਵੀ ਇਸ ਬਾਰੇ ਦੱਸੋ।


4) ਜੇਕਰ ਕਿਸੇ ਨੂੰ ਫਲੂ ਜਾਂ ਬੁਖਾਰ ਹੈ, ਤਾਂ ਖੁਦ ਹੀ ਡਾਕਟਰ ਨਾ ਬਣੋ ਅਤੇ ਨੁਸਖੇ ਨਾ ਦਿਓ। ਕੋਰੋਨਾ ਵਾਇਰਸ ਦੀ ਕੋਈ ਦਵਾਈ ਅਜੇ ਤੱਕ ਨਹੀਂ ਆਈ ਹੈ, ਇਸ ਦਾ ਇਲਾਜ ਸਿਰਫ ਡਾਕਟਰਾਂ ਦੀ ਨਿਗਰਾਨੀ ਹੇਠ ਹੀ ਸੰਭਵ ਹੈ।

5) ਘਰ ਦਾ ਮਾਹੌਲ ਸਧਾਰਣ ਰੱਖੋ ਤਾਂ ਜੋ ਆਸ-ਪਾਸ ਦੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਉੱਚੀ ਆਵਾਜ਼ ਅਤੇ ਸ਼ੋਰ ਨਾ ਕਰੋ। ਛੁੱਟੀਆਂ ਦੌਰਾਨ ਕੁਝ ਵੀ ਉਲਟਾ ਨਾ ਖਾਓ। ਹਲਕਾ ਅਤੇ ਸਧਾਰਣ ਭੋਜਨ ਖਾਓ।
 

Lalita Mam

This news is Content Editor Lalita Mam