ਕੋਰੋਨਾ : ਸਭ ਤੋਂ ਵੱਧ ਮਾਮਲਿਆਂ ਵਾਲੇ 10 ਦੇਸ਼ਾਂ 'ਚ ਸ਼ਾਮਲ ਹੋਇਆ ਭਾਰਤ

05/25/2020 10:52:53 AM

ਨਵੀਂ ਦਿੱਲੀ- ਕੋਰੋਨਾ ਵਾਇਰਸ 'ਕੋਵਿਡ-19' ਦੇ ਇਕ ਹੀ ਦਿਨ 'ਚ ਕਰੀਬ 7 ਹਜ਼ਾਰ ਤੋਂ ਵਧ ਮਾਮਲੇ ਆਉਣ ਨਾਲ ਭਾਰਤ ਇਸ ਮਹਾਮਾਰੀ ਨਾਲ ਸਭ ਤੋਂ ਵਧ ਪ੍ਰਭਾਵਿਤ 10 ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ, ਅੱਜ ਕੁੱਲ 6,977 ਨਵੇਂ ਮਾਮਲੇ ਸਾਹਮਣੇ ਆਏ। ਹੁਣ ਤੱਕ ਦੇਸ਼ 'ਚ 1,38,845 ਮਰੀਜ਼ਾਂ 'ਚ ਇਸ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋ ਚੁਕੀ ਹੈ। ਦੇਸ਼ 'ਚ ਇਸ ਸਮੇਂ ਕੋਰੋਨਾ ਵਾਇਰਸ ਦੇ 77,103 ਮਰੀਜ਼ ਜ਼ੇਰੇ ਇਲਾਜ ਹਨ ਅਤੇ 57,721 ਸਿਹਤਮੰਦ ਹੋ ਚੁੱਕੇ ਹਨ, ਜਦੋਂ ਕਿ 4,021 ਲੋਕਾਂ ਨੂੰ ਨਹੀਂ ਬਚਾਇਆ ਜਾ ਸਕਿਆ। ਇਸ ਦੇ ਨਾਲ ਹੀ ਦੇਸ਼ 'ਚ ਕੋਵਿਡ-19 ਦੇ ਕੁੱਲ ਮਰੀਜ਼ਾਂ ਦੀ ਗਿਣਤੀ ਈਰਾਨ ਤੋਂ ਵਧ ਹੋ ਗਈ ਹੈ ਅਤੇ ਇਸ ਮਾਮਲੇ 'ਚ ਅਸੀਂ 10ਵੇਂ ਸਥਾਨ 'ਤੇ ਪਹੁੰਚ ਗਏ ਹਨ।

ਦੁਨੀਆ ਭਰ 'ਚ ਕੋਵਿਡ-19 ਦੇ 54 ਲੱਖ ਤੋਂ ਵਧ ਮਾਮਲੇ ਸਾਹਮਣੇ ਆ ਚੁੱਕੇ ਹਨ। ਕੁੱਲ 16.43 ਲੱਖ ਮਾਮਲਿਆਂ ਨਾਲ ਅਮਰੀਕਾ ਇਸ ਨਾਲ ਸਭ ਤੋਂ ਵਧ ਪ੍ਰਭਾਵਿਤ ਹੋਇਆ ਹੈ। ਇਸ ਤੋਂ ਬਾਅਦ ਬ੍ਰਾਜ਼ੀਲ (3.63 ਲੱਖ), ਰੂਸ (3.44 ਲੱਖ), ਬ੍ਰਿਟੇਨ (2.60) ਲੱਖ, ਸਪੇਨ (2.35 ਲੱਖ), ਇਟਲੀ (2.29 ਲੱਖ), ਫਰਾਂਸ (1.82 ਲੱਖ), ਜਰਮਨੀ (1.80 ਲੱਖ) ਅਤੇ ਤੁਰਕੀ (1.56 ਲੱਖ) ਦਾ ਸਥਾਨ ਹੈ। ਭਾਰਤ 'ਚ ਮਈ ਮਹੀਨੇ 'ਚ ਹੀ ਇਕ ਲੱਖ ਤੋਂ ਵਧ ਮਾਮਲੇ ਸਾਹਮਣੇ ਆ ਚੁਕੇ ਹਨ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਇਕ ਮਈ ਦੀ ਸਵੇਰ ਦੇਸ਼ 'ਚ ਮਹਾਮਾਰੀ ਦੇ 35,043 ਮਾਮਲਿਆਂ ਦੀ ਪੁਸ਼ਟੀ ਹੋਈ ਸੀ, ਜੋ ਅੱਜ ਸਵੇਰੇ ਵਧ ਕੇ 1,38,845 'ਤੇ ਪਹੁੰਚ ਗਈ। ਇਸ ਤਰ੍ਹਾਂ ਸਿਰਫ਼ 24 ਦਿਨ 'ਚ 1,03,802 ਮਾਮਲੇ ਸਾਹਮਣੇ ਆ ਚੁਕੇ ਹਨ।

DIsha

This news is Content Editor DIsha