ਕੋਰੋਨਾ ਤੋਂ ਸਰਕਾਰਾਂ ਡਰੀਆਂ, ਜਨਤਾ ਡਰ ਮੁਕਤ!

03/21/2021 9:52:58 AM

ਨੈਸ਼ਨਲ ਡੈਸਕ (ਵਿਸ਼ੇਸ਼)- ਪੂਰੀ ਦੁਨੀਆ ’ਚ ਬੀਤੇ ਵਰ੍ਹੇ ਜਦੋਂ ਕੋਰੋਨਾ ਵਾਇਰਸ ਨੇ ਕਾਲ ਬਣਕੇ ਇਨਸਾਨਾਂ ਦੀਆਂ ਜ਼ਿੰਦਗੀਆਂ ਨੂੰ ਨਿਗਲਣਾ ਸ਼ੁਰੂ ਕੀਤਾ ਤਾਂ ਸਾਰੇ ਦੇਸ਼ਾਂ ਦੀ ਸੱਤਾ ਨੂੰ ਆਪਣੇ ਨਾਗਰਿਕਾਂ ਨੂੰ ਬਚਾਉਣ ਦੀ ਚਿੰਤਾ ਸਤਾਉਣ ਲੱਗੀ। ਇਸੇ ਕੜੀ ’ਚ ਆਪਣੇ ਨਾਗਰਿਕਾਂ ਨੂੰ ਗੁਆਉਣ ਦੇ ਡਰ ਨਾਲ ਭਾਰਤ ਸਰਕਾਰ ਨੇ ਵੀ 22 ਮਾਰਚ 2020 ਨੂੰ ਪਹਿਲੀ ਵਾਰ ਤਾਲਾਬੰਦੀ ਦਾ ਐਲਾਨ ਕੀਤਾ ਸੀ। ਇਸ ਘਟਨਾ ਨੂੰ ਸੋਮਵਾਰ 22 ਮਾਰਚ ਨੂੰ ਪੂਰਾ ਇਕ ਵਰ੍ਹਾ ਹੋ ਜਾਏਗਾ। ਪੂਰੀ ਦੁਨੀਆ ’ਚ ਕੋਰੋਨਾ ਦਾ ਕਹਿਰ ਇਸ ਤਰ੍ਹਾਂ ਵਰਣ ਲੱਗਾ ਸੀ, ਅਮਰੀਕਾ ਤੋਂ ਇਟਲੀ ਤੱਕ ਦੇ ਕਈ ਪ੍ਰਾਂਤਾਂ ’ਚ ਲਾਸ਼ਾਂ ਦੇ ਢੇਰ ਲੱਗਣ ਦੀਆਂ ਸੂਚਨਾਵਾਂ ਦੇ ਖੌਫ਼ ਨੇ ਹਰ ਭਾਰਤੀ ਦੇ ਦਿਲ ਨੂੰ ਦਹਿਲਾ ਦਿੱਤਾ।

ਜਨਤਾ ਦੇ ਦਿਲ ’ਚੋਂ ਬਿਲਕੁਲ ਖ਼ਤਮ ਹੋ ਚੁੱਕਾ ਹੈ ਡਰ
ਕੋਰੋਨਾ ਕਾਲ ਦੇ ਸ਼ੁਰੂਆਤੀ ਦੌਰ ’ਚ ਮਹਾਮਾਰੀ ਨਾਲ ਮੌਤ ਦੇ ਡਰ ਨੇ ਲੋਕਾਂ ਨੂੰ ਘਰਾਂ ’ਚ ਬੰਦ ਰਹਿਣ ਲਈ ਮਜ਼ਬੂਰ ਕਰ ਦਿੱਤਾ ਸੀ। ਸਤੰਬਰ ਤੱਕ ਤਾਲਾਬੰਦੀ ’ਚ ਛੋਟ, ਕਈ ਤਰ੍ਹਾਂ ਦੀਆਂ ਰਿਆਇਤਾਂ ਜਨਤਾ ਨੂੰ ਦਿੱਤੀਆਂ ਜਾਣ ਲੱਗੀਆਂ। ਸਭ ਕੁਝ ਆਮ ਹੋ ਗਿਆ ਸੀ ਪਰ ਹੁਣ ਕੋਰੋਨਾ ਨੇ ਜਦੋਂ ਇਕ ਵਾਰ ਫਿਰ ਤੋਂ ਕਈ ਸੂਬਿਆਂ ’ਚ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ ਤਾਂ ਸਰਕਾਰ ਦੇ ਕਾਇਦੇ ਕਾਨੂੰਨ ਹੁਣ ਜਨਤਾ ਨੂੰ ਘੱਟ ਹੀ ਸਮਝ ਆ ਰਹੇ ਹਨ। ਸ਼ੁਰੂਆਤੀ ਦੌਰ ’ਚ ਸਰਕਾਰਾਂ ਨੇ ਜਿੱਥੇ ਡਰ ਕੇ ਜਨਤਾ ’ਚ ਵੀ ਕੋਰੋਨਾ ਵਾਇਰਸ ਦਾ ਡਰ ਬਿਠਾਇਆ ਸੀ ਹੁਣ ਉਹ ਆਮ ਜਨਤਾ ਦੇ ਦਿਲ ’ਚੋਂ ਬਿਲਕੁਲ ਖ਼ਤਮ ਹੋ ਚੁੱਕਾ ਹੈ। ਹੁਣ ਸਰਕਾਰ ਨੂੰ ਡਰ ਹੈ ਕਿ ਕਿਤੇ ਇਕ ਵਾਰ ਫਿਰ ਤੋਂ ਕੋਰੋਨਾ ਦੀ ਲਪੇਟ ’ਚ ਆ ਕੇ ਆਮ ਨਾਗਰਿਕਾਂ ਦੀ ਜਾਨ ਨਾ ਚਲੀ ਜਾਵੇ, ਪਰ ਜਨਤਾ ਫਿਰ ਤੋਂ ਉਸੇ ਅੰਦਾਜ਼ ’ਚ ਜੀਅ ਰਹੀ ਹੈ ਜਿਵੇਂ ਕੋਰੋਨਾ ਕਾਲ ਤੋਂ ਪਹਿਲਾਂ ਬਿਨਾਂ ਪਾਬੰਦੀਆਂ ਦੇ ਆਜ਼ਾਦ ਹੋ ਕੇ ਜੀਅ ਰਹੀ ਸੀ।

ਤਾਲਾਬੰਦੀ ਨੇ ਉਦਯੋਗ-ਧੰਦਿਆਂ ਨੂੰ ਸਫਾਚਟ ਕੀਤਾ
ਤਾਲਾਬੰਦੀ ਨੇ ਉਦਯੋਗ-ਧੰਦਿਆਂ ਨੂੰ ਸਫਾਚਟ ਕਰ ਦਿੱਤਾ। ਕਰੋੜਾਂ ਲੋਕਾਂ ਦੀਆਂ ਨੌਕਰੀਆਂ ਦਾਅ ’ਤੇ ਲੱਗ ਗਈਆਂ ਅਤੇ ਸ਼ਹਿਰਾਂ ਤੋਂ ਮਧਿਅਮ ਅਤੇ ਮਜ਼ਦੂਰ ਵਰਗ ਪਿੰਡਾਂ ਵੱਲ ਭੱਜਣ ਲੱਗਾ ਸੀ। ਭੁੱਖੇ-ਧਿਆਏ ਰਹਿ ਕੇ ਵੀ ਕਈ ਲੋਕਾਂ ਨੇ ਇਸ ਦੌਰ ’ਚ ਆਪਣੀ ਜਾਨ ਬਚਾਈ ਅਤੇ ਰੱਬ ਦਾ ਸ਼ੁੱਕਰੀਆ ਅਦਾ ਕੀਤਾ। ਦਸੰਬਰ ਆਉਂਦਿਆਂ-ਆਉਂਦਿਆਂ ਕਈ ਸੂਬਿਆਂ ਤੋਂ ਕੋਰੋਨਾ ’ਤੇ ਕਾਬੂ ਪਾਏ ਜਾਣ ਦੀਆਂ ਖਬਰਾਂ ਆਉਣ ਲੱਗੀਆਂ। ਜਨਵਰੀ ਤੱਕ ਵੈਕਸੀਨ ਬਣਾਉਣ ਦੀ ਸੂਚਨਾ ਜਨਤਾ ਲਈ ਸੁਖਦ ਸੀ, ਪਰ ਜਦੋਂ ਵੈਕਸੀਨੇਸ਼ਨ ਦੀ ਮੁਹਿੰਮ ਸ਼ੁਰੂ ਹੋਈ ਤਾਂ ਜਨਤਾ ਇਸ ਵਿਚ ਵੱਡੇ ਛੋਟੇ ਪੱਧਰ ’ਤੇ ਹਿੱਸਾ ਲੈ ਰਹੀ ਹੈ।

ਬਿਨਾਂ ਮਾਸਕ ਘੁੰਮਣਾ ਖ਼ਤਰਨਾਕ
ਇਸੇ ਦਰਮਿਆਨ ਮਹਾਰਾਸ਼ਟਰ ’ਚ ਇਕ ਅਚਾਨਕ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧਣ ਲੱਗੇ। ਪ੍ਰਦੇਸ਼ ਦੇ ਮੁੱਖ ਮੰਤਰੀ ਉਧਵ ਠਾਕਰੇ ਬੀਤੇ ਇਕ ਮਹੀਨੇ ਤੋਂ ਲੋਕਾਂ ਨੂੰ ਤਾਲਾਬੰਦੀ ਲਗਾਉਣ ਦੀ ਚਿਤਾਵਨੀਆਂ ਦੇ ਰਹੇ ਹਨ ਅਤੇ ਲੋਕ ਬੇਪਰਵਾਹ ਹਨ। ਮਾਹਰਾਂ ਦੀ ਮੰਨੀਏ ਤਾਂ ਲੋਕਾਂ ਨੇ ਸ਼ਹਿਰ ਤੋਂ ਪਿੰਡ ਵੱਲ ਫਿਰ ਦੁਬਾਰਾ ਪਿੰਡ ਤੋਂ ਸ਼ਹਿਰ ਵੱਲ ਜੋ ਹਿਜ਼ਰਤ ਦਾ ਤਜ਼ਰਬਾ ਕੀਤਾ, ਉਹ ਕੋਰੋਨਾ ਕਾਲ ’ਚ ਹੋਈਆਂ ਦਿੱਕਤਾਂ ਤੋਂ ਕਿਤੇ ਜ਼ਿਆਦਾ ਭਿਆਨਕ ਸੀ। ਜ਼ਿਆਦਾਤਰ ਲੋਕ ਹੁਣ ਤਾਲਾਬੰਦੀ ਦੀ ਥਾਂ ਆਪਣੇ ਕਾਰੋਬਾਰ ਵੱਲ ਧਿਆਨ ਦੇਣ ਲੱਗੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੈ ਕਿ ਬਿਨਾਂ ਮਾਸਕ ਘੁੰਮਣਾ ਕਿੰਨਾ ਖ਼ਤਰਨਾਕ ਹੈ ਅਤੇ ਦੋ ਗਜ ਦੀ ਦੂਰੀ ਹੀ ਉਨ੍ਹਾਂ ਨੂੰ ਜੀਵਨ ਦੇ ਸਕਦੀ ਹੈ।

ਭਾਰਤ ’ਚ ਰਿਕਾਰਡ 4.2 ਕਰੋੜ ਲੋਕਾਂ ਨੂੰ ਲੱਗਾ ਟੀਕਾ
ਦੱਸਣਯੋਗ ਹੈ ਕਿ ਸਵਦੇਸ਼ੀ ਵੈਕਸੀਨ ਨਾਲ ਵਾਇਰਸ ਨੂੰ ਮਾਤ ਦਿੰਦੇ ਹਏ ਭਾਰਤ ’ਚ ਰਿਕਾਰਡ 4.2 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਬੀਤੇ 24 ਘੰਟਿਆਂ ਵਿਚ ਹੀ 27 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਪਹਿਲੇ ਫੇਜ ’ਚ ਫਰੰਟਲਾਈਨ ਵਰਕਰਾਂ ਨੂੰ ਵੈਕਸੀਨ ਦਿੱਤੀ ਗਈ ਹੈ ਅਤੇ ਹੁਣ 60 ਸਾਲਾਂ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਜਾ ਰਹੀ ਹੈ। ਸੀਰਮ ਇੰਸਟੀਚਿਊਟ ਦੇ ਡਾਇਰੈਕਟਰ ਸੁਰੇਸ਼ ਜਾਧਵ ਨੇ ਕਿਹਾ ਹੈ ਕਿ ਭਾਰਤ ਨੂੰ ਫਰੰਟਲਾਈਨ ਵਰਕਰਾਂ ਅਤੇ 60 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਲਈ ਇਨੋਕਿਊਲੇਸ਼ਨ ਡ੍ਰਾਈਵ ਨੂੰ ਪੂਰਾ ਕਰਨ ’ਚ ਘੱਟ ਤੋਂ ਘੱਟ ਤਿੰਨ ਤੋਂ ਚਾਰ ਮਹੀਨੇ ਲੱਗਣਗੇ। ਦੱਸ ਦਈਏ ਕਿ ਭਾਰਤ ’ਚ 16 ਜਨਵਰੀ 2021 ਤੋਂ ਟੀਕਾਕਰਨ ਸ਼ੁਰੂ ਹੋਇਆ ਸੀ।


ਉਹ ਵੱਡੇ 5 ਸਵਾਲ ਜੋ ਜਨਤਾ ਦੇ ਮਨ ’ਚ ਹਨ
1- ਜਿਨ੍ਹਾਂ ਸੂਬਿਆਂ ’ਚ ਵਿਧਾਨਸਭਾ ਚੋਣਾਂ ਹੋਈਆਂ ਉਨ੍ਹਾਂ ਸੂਬਿਆਂ ’ਚ ਭੀੜ ਨਾਲ ਵੀ ਕੁਝ ਨਹੀਂ ਹੋਇਆ।

2- ਪੱਛਮੀ ਬੰਗਾਲ ’ਚ ਚੋਣਾਂ ਹੋ ਰਹੀਆਂ ਹਨ ਅਤੇ ਨੇਤਾ ਬਿਨਾਂ ਮਾਸਕ ਦੇ ਕਿਉਂ ਘੁੰਮ ਰਹੇ ਹਨ?

3- ਕੋਵਿਡ ਵੈਕਸੀਨ ਆਉਣ ਦੇ ਬਾਵਜੂਦ ਟੀਕਾਕਰਨ ਦੀ ਰਫ਼ਤਾਰ ਕਿਉਂ ਨਹੀਂ ਵੱਧ ਰਹੀ?

4- ਸਰਕਾਰਾਂ ਆਪਣੀ ਸਿਆਸਤ ਮੁਤਾਬਕ ਕੋਵਿਡ ਦੇ ਨਿਯਮਾਂ ਦੀ ਵਰਤੋਂ ਤਾਂ ਨਹੀਂ ਕਰ ਰਹੀਆਂ ਹਨ?

5- ਕੀ ਨਾਈਟ ਕਰਫਿਊ ਅਤੇ ਤਾਲਾਬੰਦੀ ਨਾਲ ਕੋਰੋਨਾ ਭੱਜ ਜਾਏਗਾ?

ਕੋਰੋਨਾ ਮਾਮਲੇ ਇੰਨੇ ਵਧੇ
ਦੇਸ਼ ’ਚ ਹੁਣ ਤੱਕ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ - 1,15,55,284
ਭਾਰਤ ’ਚ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ - 1,11,07,332
ਭਾਰਤ ’ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ - 1,59,558
ਦੇਸ਼ ’ਚ ਹੁਣ ਕੁਲ ਐਕਟਿਵ ਮਾਮਲਿਆਂ ਦੀ ਗਿਣਤੀ - 2,88,394
ਭਾਰਤ ’ਚ ਕੁਲ ਵੈਕਸੀਨੇਸ਼ਨ - 4,20,62,392

ਨੋਟ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha