ਦਿੱਲੀ-ਗੁਰੂਗ੍ਰਾਮ ਸਰਹੱਦ ਸੀਲ ਹੋਣ ਕਾਰਨ ਲੱਗਾ ਲੰਬਾ ਜਾਮ, ਪਾਸ ਵਾਲਿਆਂ ਨੂੰ ਵੀ ਨਹੀਂ ਮਿਲੀ ਐਂਟਰੀ

05/29/2020 11:31:11 AM

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਦਿੱਲੀ ਨਾਲ ਲੱਗਦੀ ਸਰਹੱਦ ਨੂੰ ਇਕ ਵਾਰ ਫਿਰ ਸੀਲ ਕਰ ਦਿੱਤਾ ਹੈ। ਵੀਰਵਾਰ ਰਾਤ ਨੂੰ ਇਹ ਫੈਸਲਾ ਲਿਆ ਗਿਆ ਪਰ ਸ਼ੁੱਕਰਵਾਰ ਦੀ ਸਵੇਰ ਇਸ ਦਾ ਅਸਰ ਸਰਹੱਦੀ ਇਲਾਕਿਆਂ 'ਚ ਦਿੱਸਿਆ। ਦਿੱਲੀ-ਗੁਰੂਗ੍ਰਾਮ ਸਰਹੱਦ 'ਤੇ ਸ਼ੁੱਕਰਵਾਰ ਦੀ ਸਵੇਰ ਵੱਡੀ ਗਿਣਤੀ 'ਚ ਲੋਕ ਜਮ੍ਹਾ ਹੋਏ ਅਤੇ ਇੱਥੇ ਲੰਬਾ ਜਾਮ ਲੱਗ ਗਿਆ। ਇਸ ਤੋਂ ਇਲਾਵਾ ਇੱਥੇ ਬਦਰਪੁਰ ਸਰਹੱਦ ਕੋਲ ਵੱਡੀ ਗਿਣਤੀ 'ਚ ਅਜਿਹੇ ਲੋਕ ਵੀ ਹਨ, ਜਿਨ੍ਹਾਂ ਦੇ ਪਾਸ ਕਾਰਡ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਵੀਰਵਾਰ ਨੂੰ ਹੀ ਹਰਿਆਣਾ 'ਚ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇਸ ਆਦੇਸ਼ ਨੂੰ ਜਾਰੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨਾਲ ਲੱਗਦੇ ਜ਼ਿਲ੍ਹੇ ਹਰਿਆਣਾ ਲਈ ਬਹੁਤ ਵੱਡੀ ਚਿੰਤਾ ਹੈ। ਸਾਡੇ 80 ਫੀਸਦੀ ਮਾਮਲੇ ਉਨ੍ਹਾਂ ਜ਼ਿਲ੍ਹਿਆਂ ਦੇ ਹਨ, ਜੋ ਦਿੱਲੀ ਨਾਲ ਲੱਗਦੇ ਹਨ। ਅਜਿਹੇ 'ਚ ਬੇਹੱਦ ਜ਼ਰੂਰੀ ਹੈ ਕਿ ਦਿੱਲੀ ਨਾਲ ਲੱਗਦੀ ਹਰਿਆਣਾ ਸਰਹੱਦ ਨੂੰ ਸੀਲ ਰੱਖਿਆ ਜਾਵੇ। ਅਨਿਲ ਵਿੱਜ ਨੇ ਦਾਅਵਾ ਕੀਤਾ ਕਿ ਹਰਿਆਣਾ 'ਚ ਰੋਜ਼ ਗੁਰੂਗ੍ਰਾਮ ਅਤੇ ਫਰੀਦਾਬਾਦ ਵਰਗੇ ਸ਼ਹਿਰਾਂ 'ਚ ਮਾਮਲੇ ਵਧ ਰਹੇ ਹਨ, ਜਿਨ੍ਹਾਂ ਦਾ ਦਿੱਲੀ ਨਾਲ ਸਿੱਧਾ ਸੰਪਰਕ ਹੈ। ਇਸ ਤੋਂ ਬਾਅਦ ਸਰਹੱਦ ਸੀਲ ਕਰਨ ਦਾ ਫੈਸਲਾ ਲਿਆ ਗਿਆ।

DIsha

This news is Content Editor DIsha