ਚੀਨ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜਾਵੇਗਾ ਵਿਸ਼ੇਸ਼ ਜਹਾਜ਼, 20 ਹਵਾਈ ਅੱਡਿਆਂ ''ਤੇ ਹੋਵੇਗੀ ਜਾਂਚ

01/28/2020 6:37:42 PM

ਨਵੀਂ ਦਿੱਲੀ—ਕੋਰੋਨਾਵਾਇਰਸ ਨੇ ਚੀਨ 'ਚ ਹਾਹਾਕਾਰ ਮਚਾ ਦਿੱਤੀ ਹੈ। ਹੁਣ ਤੱਕ 106 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਸਮੱਸਿਆ ਵੁਹਾਨ ਸ਼ਹਿਰ 'ਚ ਹੈ, ਜਿੱਥੇ ਹਜ਼ਾਰਾਂ ਲੋਕ ਫਸੇ ਹੋਏ ਹਨ। ਇਨ੍ਹਾਂ 'ਚ 250 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਅਤੇ ਕਰਮਚਾਰੀ ਵੀ ਹਨ। ਚੀਨ ਨੇ ਵੁਹਾਨ ਸ਼ਹਿਰ 'ਚ ਫਸੇ ਹੋਏ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਤਿਆਰ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਭਾਵ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜਹਾਜ਼ ਭੇਜਣ ਦੀ ਯੋਜਨਾ ਬਣਾਈ ਹੈ।

ਨਾਗਰਿਕ ਉਡਾਣ ਅਤੇ ਸਿਹਤ ਮੰਤਰਾਲੇ ਕ੍ਰਮਵਾਰ ਆਵਾਜਾਈ ਅਤੇ ਸੰਗਰੋਧਨ (ਹਸਪਤਾਲ ਦਾ ਵੱਖਰਾ ਕਮਰਾ) ਸਹੂਲਤਾਵਾਂ ਦੀ ਵਿਵਸਥਾ ਕਰੇਗੀ। ਏਅਰ ਇੰਡੀਆ ਮੁੰਬਈ ਤੋਂ ਵੁਹਾਨ ਸ਼ਹਿਰ ਲਈ ਆਪਣੇ ਬੋਇੰਗ 747 ਤੋਂ ਇਕ ਵਿਸ਼ੇਸ਼ ਉਡਾਣ ਸੰਚਾਲਿਤ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਉੱਥੋ ਭਾਰਤੀਆਂ ਨੂੰ ਬਾਹਰ ਕੱਢਿਆ ਜਾ ਸਕੇ।

ਗੁਜਰਾਤ ਦੇ ਵਡੋਦਰਾ ਏਅਰਪੋਰਟ 'ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਚੀਨ ਸਰਕਾਰ ਦੇ ਸੰਪਰਕ 'ਚ ਹਨ। ਉਨ੍ਹਾਂ ਨੂੰ ਵਾਪਸ ਲਿਆਉਣ 'ਚ ਕੁਝ ਦਿਨ ਲੱਗਣਗੇ ਪਰ ਤੁਸੀਂ ਸਰਕਾਰ 'ਤੇ ਭਰੋਸਾ ਬਣਾਈ ਰੱਖੋ। ਗੁਜਰਾਤ ਤੋਂ ਰਾਜ ਸਭਾ ਸੰਸਦ ਮੈਂਬਰ ਜੈਸ਼ੰਕਰ ਨੇ ਕਿਹਾ ਹੈ ਕਿ ਹੁਣ ਤੱਕ ਇਕ ਵੀ ਭਾਰਤੀ ਵਿਦਿਆਰਥੀ ਇਸ ਵਾਇਰਸ ਦੇ ਇਨਫੈਕਸ਼ਨ 'ਚ ਨਹੀਂ ਆਇਆ ਹੈ, ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ।

ਹੁਣ 20 ਹਵਾਈ ਅੱਡਿਆਂ 'ਤੇ ਹੋਵੇਗੀ ਜਾਂਚ-
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦੱਸਿਆ ਹੈ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਧਰਮਲ ਸਕ੍ਰੀਨਿੰਗ ਦੀ ਵਿਵਸਥਾ ਨੂੰ ਸੱਤ ਤੋਂ ਵਧਾ ਕੇ 20 ਹਵਾਈ ਅੱਡਿਆਂ ਤੱਕ ਕੀਤੀ ਜਾਵੇਗੀ।

ਕੈਬਨਿਟ ਸਕੱਤਰ ਨਾਲ ਬੈਠਕ ਹੋਈ-
ਭਾਰਤ ਸਰਕਾਰ ਨੇ ਕੈਬਨਿਟ ਸਕੱਤਰ ਦੇ ਨਾਲ ਸੋਮਵਾਰ ਨੂੰ ਇਕ ਸਮੀਖਿਆ ਬੈਠਕ ਕੀਤੀ, ਜਿਸ 'ਚ ਚੀਨ ਦੀ ਸਥਿਤੀ 'ਤੇ ਚਰਚਾ ਹੋਈ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਚੀਨ ਹੁਬਈ ਸ਼ਹਿਰ 'ਚ ਕੋਰੋਨਾਵਾਇਰਸ ਫੈਲਣ ਨਾਲ ਪੈਦਾ ਸਥਿਤੀ ਤੋਂ ਪ੍ਰਭਾਵਿਤ ਭਾਰਤੀਆਂ ਨੂੰ ਬਾਹਰ ਕੱਢਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਬੀਜਿੰਗ 'ਚ ਭਾਰਤੀ ਦੂਤਾਵਾਸ ਭਾਰਤ ਦੇ ਲੋਕਾਂ ਨੂੰ ਬਾਹਰ ਕੱਢਣ ਲਈ ਚੀਨ ਦੀ ਸਰਕਾਰ ਦੇ ਸੰਪਰਕ 'ਚ ਹੈ।

Iqbalkaur

This news is Content Editor Iqbalkaur