ਇਹ ਸ਼ਖ਼ਸ ਰੋਜ਼ ਕਰਦਾ ਹੈ 'ਕੋਰੋਨਾ ਦੇਵੀ' ਦੀ ਪੂਜਾ, ਜਾਣੋਂ ਕਾਰਨ

06/14/2020 1:35:36 PM

ਕੋਲੱਮ- ਦੁਨੀਆ ਭਰ 'ਚ ਕੋਰੋਨਾ ਵਾਇਰਸ ਆਫ਼ਤ ਨਾਲ ਪੈਦਾ ਹੋਈਆਂ ਚਿੰਤਾਵਾਂ ਦਰਮਿਆਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਾਲ ਹੀ 'ਚ 'ਕੋਰੋਨਾ ਮਾਈ' ਦੀ ਪੂਜਾ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਅਤੇ ਹੁਣ ਕੁਝ ਅਜਿਹਾ ਹੀ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖਸ ਇਸ ਜਾਨਲੇਵਾ ਵਿਸ਼ਾਣੂੰ ਦੀ ਦੇਵੀ ਦੇ ਤੌਰ 'ਤੇ ਪੂਜਾ ਕਰ ਰਿਹਾ ਹੈ। ਉਸ ਦੇ ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਆਲੋਚਨਾ ਕੀਤੀ ਜਾ ਰਹੀ ਹੈ। ਤਸਵੀਰਾਂ 'ਚ ਇੱਥੇ ਕਡੱਕਲ 'ਚ ਅਨਿਲਾਨ ਦੇ ਘਰ 'ਚ ਪੂਜਾ ਦੇ ਇਕ ਵੱਡੇ ਜਿਹੇ ਕਮਰੇ 'ਚ ਦੁਨੀਆ ਭਰ 'ਚ ਲੱਖਾਂ ਅਤੇ ਭਾਰਤ 'ਚ 3 ਲੱਖ ਤੋਂ ਵੱਧ ਲੋਕਾਂ ਨੂੰ ਪੀੜਤ ਕਰ ਚੁਕੇ ਵਿਸ਼ਾਣੂੰ 'ਸਾਰਸ ਸੀਓਵੀ2' ਦੀ ਥਰਮਾਕੋਲ ਨਾਲ ਬਣੀ ਮੂਰਤੀ ਦਿਖਾਈ ਦੇ ਰਹੀ ਹੈ, ਜੋ ਲਾਲ ਰੰਗ ਦੀ ਹੈ। ਉਸ ਨੇ ਕਿਹਾ,''ਮੈਂ ਦੇਵੀ ਦੇ ਤੌਰ 'ਤੇ ਕੋਰੋਨਾ ਵਾਇਰਸ ਦੀ ਪੂਜਾ ਕਰ ਰਿਹਾ ਹਾਂ ਅਤੇ ਸਿਹਤ ਪੇਸ਼ੇਵਰਾਂ, ਪੁਲਸ ਮੁਲਾਜ਼ਮਾਂ ਅਤੇ ਵਿਗਿਆਨੀਆਂ, ਦਮਕਲ ਕਾਮਿਆਂ ਅਤੇ ਮੀਡੀਆ ਕਾਮਿਆਂ ਤੇ ਇਸ ਵਿਸ਼ਾਣੂੰ ਵਿਰੁੱਧ ਲੜਾਈ 'ਚ ਜੁਟੇ ਹੋਰ ਲੋਕਾਂ ਲਈ ਰੋਜ਼ ਪੂਜਾ ਕਰ ਰਿਹਾ ਹਾਂ।''

ਸੋਸ਼ਲ ਮੀਡੀਆ 'ਤੇ ਟਰੋਲ ਕੀਤੇ ਜਾਣ ਦੀ ਪਰਵਾਹ ਕੀਤੇ ਬਿਨ੍ਹਾਂ ਅਨਿਲਾਨ ਨੇ ਕਿਹਾ ਕਿ ਲੋਕ 'ਕੋਰੋਨਾ ਦੇਵੀ' ਦੀ ਪੂਜਾ ਕਰਨ ਲਈ ਉਸ ਦਾ ਮਜ਼ਾਕ ਉੱਡਾ ਰਹੇ ਹਨ। ਉਸ ਨੇ ਕਿਹਾ,''ਇਹ ਜਾਗਰੂਕਤਾ ਪੈਦਾ ਕਰਨ ਦਾ ਮੇਰਾ ਤਰੀਕਾ ਹੈ।'' ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਉਸ ਦੇ ਮਕਸਦ 'ਤੇ ਸਵਾਲ ਚੁੱਕੇ ਹਨ, ਜਦੋਂ ਕਿ ਹੋਰਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਚਰਚਾ 'ਚ ਆਉਣ ਲਈ ਅਜਿਹਾ ਕਰ ਰਿਹਾ ਹੈ ਅਤੇ ਕੁਝ ਨੇ ਇਸ ਨੂੰ ਅੰਧਵਿਸ਼ਵਾਸ ਦੱਸਿਆ ਹੈ। ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ਵਾਲੇ ਅਨਿਲਾਨ ਨੇ ਕਿਹਾ ਕਿ ਲੋਕ ਆਪਣੇ ਘਰਾਂ 'ਚ ਰਹਿ ਸਕਦੇ ਹਨ ਅਤੇ ਪੂਜਾ ਕਰ ਸਕਦੇ ਹਨ। ਉਸ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਵਿਸ਼ਾਣੂੰ 'ਤੇ ਰੋਕ ਨਹੀਂ ਲਾਈ ਜਾ ਸਕਦੀ ਹੈ ਤਾਂ ਲੋਕਾਂ ਨੂੰ ਧਾਰਮਿਕ ਥਾਂਵਾਂ 'ਤੇ ਜਾਣ ਦੀ ਮਨਜ਼ੂਰੀ ਦੇਣ ਤੋਂ ਤਬਾਹੀ ਮਚੇਗੀ।

ਅਨਿਲਾਨ ਸ਼ਰਧਾਲੂਆਂ ਨੂੰ ਪੂਜਾ ਕਰਨ ਲਈ ਆਪਣੇ ਘਰ ਆਉਣ ਅਤੇ 'ਕੋਰੋਨਾ ਦੇਵੀ' 'ਤੇ ਪੈਸੇ ਚੜ੍ਹਾਉਣ ਲਈ ਪ੍ਰੇਰਿਤ ਨਹੀਂ ਕਰਦਾ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲੇਖਕ, ਆਲੋਚਕ ਨੇ ਕਿਹਾ,''ਇਕ ਪਾਸੇ ਤਾਂ ਸਾਡੇ ਸਮਾਜ ਅਤੇ ਉਸ ਦੇ ਲੋਕਾਂ ਨੂੰ ਉਨ੍ਹਾਂ ਦੇ ਗਿਆਨ ਅਤੇ ਡਿਗਰੀਆਂ ਲਈ ਜਾਣਿਆ ਜਾਂਦਾ ਹੈ ਅਤੇ ਉਹ ਅਧਿਆਪਕ, ਪ੍ਰੋਫੈਸਰ, ਤਕਨੀਕੀ ਮਾਹਰ, ਵਿਗਿਆਨੀ ਅਤੇ ਪੇਸ਼ੇਵਰ ਬਣਦੇ ਹਨ। ਉੱਥੇ ਹੀ ਅਸੀਂ ਅਜਿਹੇ ਅੰਧਵਿਸ਼ਵਾਸ 'ਤੇ ਹੁਣ ਵੀ ਯਕੀਨ ਰੱਖਦੇ ਹਾਂ।'' ਦੱਸਣਯੋਗ ਹੈ ਕਿ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਕਈ ਪੇਂਡੂ ਇਲਾਕਿਆਂ 'ਚ ਲੋਕਾਂ ਨੂੰ ਇਸ ਮਹਾਮਾਰੀ ਦੇ ਖਾਤਮੇ ਲਈ 'ਕੋਰੋਨਾ ਦੇਵੀ' ਦੀ ਪੂਜਾ ਕਰਦੇ ਹੋਏ ਦੇਖਿਆ ਗਿਆ ਹੈ।

DIsha

This news is Content Editor DIsha