ਕੋਰੋਨਾ ਨੇ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਅਰਮਾਨਾਂ ''ਤੇ ਫੇਰਿਆ ਪਾਣੀ

03/30/2020 3:59:25 PM

ਜੀਂਦ (ਵਾਰਤਾ)— ਕੋਰੋਨਾ ਵਾਇਰਸ ਕਾਰਨ ਲਾਕ ਡਾਊਨ ਦਾ ਸਭ ਤੋਂ ਜ਼ਿਆਦਾ ਅਸਰ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ 'ਤੇ ਹੋਇਆ ਹੈ, ਕਿਉਂਕਿ ਵਿਆਹ-ਸ਼ਾਦੀਆਂ ਦੇ ਸੀਜ਼ਨ ਦੇ ਚੱਲਦੇ ਕਿਸਾਨਾਂ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਫੁੱਲਾਂ ਦੀ ਚੰਗੀ ਕੀਮਤ ਮਿਲੇਗੀ ਅਤੇ ਮੁਨਾਫਾ ਵੀ ਹੋਵੇਗਾ ਪਰ ਕੋਰੋਨਾ ਵਾਇਰਸ ਕਾਰਨ ਹੋਏ ਲਾਕ ਡਾਊਨ ਨੇ ਇਨ੍ਹਾਂ ਕਿਸਾਨਾਂ ਦੇ ਅਰਮਾਨਾਂ 'ਤੇ ਮੰਨੋ ਪਾਣੀ ਹੀ ਫੇਰ ਕੇ ਰੱਖ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਜੋ ਫੁੱਲ ਪਹਿਲਾਂ 100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਖਰੀਦੇ ਜਾਂਦੇ ਸਨ, ਉਨ੍ਹਾਂ ਫੁੱਲਾਂ ਨੂੰ ਅੱਜ 5 ਰੁਪਏ ਪ੍ਰਤੀ ਕਿਲੋਗ੍ਰਾਮ 'ਚ ਵੀ ਖਰੀਦਣ ਵਾਲਾ ਨਹੀਂ ਹੈ। ਅਜਿਹੇ ਵਿਚ ਕਿਸਾਨ ਇਨ੍ਹਾਂ ਫੁੱਲਾਂ ਨੂੰ ਤੋੜ ਕੇ ਸੁੱਟਣ ਨੂੰ ਮਜਬੂਰ ਹੋ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਵੱਲ ਵੀ ਦੇਖੇ ਅਤੇ ਉਨ੍ਹਾਂ ਲਈ ਆਰਥਿਕ ਮਦਦ ਮੁਹੱਈਆ ਕਰਵਾਏ। ਪ੍ਰਦੇਸ਼ ਭਰ 'ਚ ਮੰਦਰ ਬੰਦ ਹਨ, ਵਿਆਹ ਅਤੇ ਹੋਰ ਸਮਾਜਿਕ ਸਮਾਰੋਹਾਂ 'ਤੇ ਰੋਕ ਲੱਗੀ ਹੈ। ਅਜਿਹੇ ਵਿਚ ਜਿਨ੍ਹਾਂ ਕਿਸਾਨਾਂ ਨੇ ਆਪਣੀ ਫੁੱਲਾਂ ਦੀ ਪੈਦਾਵਾਰ ਕੀਤੀ ਸੀ, ਉਹ ਬਰਬਾਦੀ ਦੀ ਕਗਾਰ 'ਤੇ ਹੈ। 

ਹਰਿਆਣਾ ਦੇ ਪਿੰਡ ਅਹਿਰਕਾ ਵਾਸੀ ਕਿਸਾਨ ਸੁਖਦੇਵ ਦੱਸਦੇ ਹਨ ਕਿ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ 100 ਫੀਸਦੀ ਨੁਕਸਾਨ ਹੋਇਆ ਹੈ। ਗੇਂਦੇ ਦੇ ਫੁੱਲ ਜੋ 40 ਤੋਂ 50 ਰੁਪਏ ਪ੍ਰਤੀ ਕਿਲੋ, ਗੁਲਾਬ ਦੇ ਫੁੱਲ 70 ਤੋਂ 80 ਰੁਪਏ ਅਤੇ ਗਲਾਈਡ ਦੇ ਫੁੱਲ 150 ਤੋਂ 200 ਰੁਪਏ ਪ੍ਰਤੀ ਕਿਲੋ ਤਕ ਵਿਕ ਜਾਂਦਾ ਸੀ ਪਰ ਕੋਰੋਨਾ ਵਾਇਰਸ ਦੇ ਸੰਕਟ ਕਾਰਨ ਸਾਰੀਆਂ ਗਤੀਵਿਧੀਆਂ 'ਤੇ ਰੋਕ ਲਾ ਦਿੱਤੀ ਗਈ, ਜਿਸ ਕਾਰਨ ਫੁੱਲਾਂ ਦੀ ਮੰਗ ਜ਼ੀਰੋ ਹੋ ਗਈ। ਅਜਿਹੇ ਵਿਚ ਉਹ ਭਾਰੀ ਆਰਥਿਕ ਨੁਕਸਾਨ ਵਿਚੋਂ ਲੰਘ ਰਹੇ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਫੁੱਲਾਂ ਦੀ ਖੇਤੀ ਕਰਨ ਵਾਲਿਆਂ ਵੱਲ ਵੀ ਧਿਆਨ ਦੇਵੇ। ਉਹ ਵੀ ਆਮ ਕਿਸਾਨਾਂ ਵਾਂਗ ਹੀ ਹਨ।

Tanu

This news is Content Editor Tanu