ਇੰਦੌਰ 'ਚ ਸਿਹਤ ਕਰਮਚਾਰੀਆਂ 'ਤੇ ਚਾਕੂ ਨਾਲ ਹਮਲਾ, ਸਰਵੇ ਕਰਨ ਪਹੁੰਚੀ ਸੀ ਟੀਮ

04/18/2020 4:08:51 PM

ਇੰਦੌਰ-ਕੋਰੋਨਾਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਸਿਹਤ ਕਰਮਚਾਰੀ ਦਿਨ-ਰਾਤ ਮਿਹਨਤ ਕਰ ਰਹੇ ਹਨ। ਇਸ ਦੌਰਾਨ ਸਿਹਤ ਕਰਮਚਾਰੀ ਲੋਕਾਂ ਦੇ ਘਰਾਂ 'ਚ ਜਾ ਕੇ ਵੀ ਉਨ੍ਹਾਂ ਦੀ ਜਾਂਚ ਕਰ ਰਹੇ ਹਨ ਹਾਲਾਂਕਿ ਇਸ ਦੌਰਾਨ ਲਗਾਤਾਰ ਸਿਹਤ ਕਰਮਚਾਰੀਆਂ 'ਤੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਾਰ ਫਿਰ ਤੋਂ ਸਿਹਤ ਕਰਮਚਾਰੀਆਂ ਦੀ ਟੀਮ 'ਤੇ ਹਮਲਾ ਕੀਤਾ ਗਿਆ ਹੈ। ਦਰਅਸਲ ਇੰਦੌਰ 'ਚ ਸਿਹਤ ਵਿਭਾਗ ਦੀ ਸਰਵੇ ਕਰ ਰਹੀ ਟੀਮ 'ਤੇ ਪਲਾਸੀਆ ਥਾਣੇ ਦੇ ਵਿਨੋਬਾ ਨਗਰ 'ਚ ਹਮਲਾ ਕੀਤਾ ਗਿਆ। ਸਰਵੇ ਟੀਮ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਬਚਾਅ ਕਰਨ ਆਏ ਕਿਸੇ ਹੋਰ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਗਿਆ। ਇਸ ਤੋਂ ਇਲਾਵਾ ਇਕ ਮੈਂਬਰ ਦਾ ਮੋਬਾਇਲ ਵੀ ਤੋੜ ਦਿੱਤਾ ਗਿਆ । ਇਸ ਤੋਂ ਇਲਾਵਾ ਸਿਹਤ ਵਿਭਾਗ ਟੀਮ 'ਤੇ ਪੱਥਰਾਂ ਨਾਲ ਵੀ ਹਮਲਾ ਕੀਤਾ ਗਿਆ। 

ਦੱਸਿਆ ਜਾ ਰਿਹਾ ਹੈ ਕਿ ਸਰਵੇ ਟੀਮ 'ਚ ਡਾਕਟਰ, ਟੀਚਰ, ਪੈਰਾ ਮੈਡੀਕਲ ਸਟਾਫ ਆਦਿ ਸ਼ਾਮਲ ਸੀ। ਹਮਲੇ ਤੋਂ ਬਾਅਦ ਸਿਹਤ ਕਰਮਚਾਰੀ ਪਲਾਸੀਆ ਥਾਣੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲਾ ਸ਼ਖਸ ਇਲਾਕੇ ਦਾ ਗੁੰਡਾ ਦੱਸਿਆ ਜਾ ਰਿਹਾ ਹੈ। ਸਰਵੇ ਇੰਚਾਰਜ ਆਯੂਰਵੈਦਿਕ ਡਾਕਟਰ ਪ੍ਰਵੀਣ ਚੌਬੇ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। 

ਦੱਸਣਯੋਗ ਹੈ ਕਿ ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਕਈ ਹਿੱਸਿਆਂ 'ਚ ਸਿਹਤ ਕਰਮਚਾਰੀਆਂ 'ਤੇ ਹਮਲਾ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਇੰਦੌਰ ਤੋਂ ਬਿਨਾਂ ਉੱਤਰ ਪ੍ਰਦੇਸ਼, ਮੁਰਾਦਾਬਾਦ, ਮੇਰਠ ਆਦਿ ਸ਼ਹਿਰਾਂ 'ਚ ਸਿਹਤ ਕਰਮਚਾਰੀਆਂ 'ਤੇ ਹਮਲੇ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

Iqbalkaur

This news is Content Editor Iqbalkaur