ਦਿੱਲੀ, ਮੁੰਬਈ, ਠਾਣੇ ''ਚ ਕੋਰੋਨਾ ਘੱਟ ਘਾਤਕ ਪਰ ਮਾਮਲੇ ਵਧੇਰੇ

05/31/2020 1:44:38 AM

ਨਵੀਂ ਦਿੱਲੀ - ਕੋਰੋਨਾ ਇਨਫੈਕਸ਼ਨ ਦੇ ਸਭ ਤੋਂ ਵਧੇਰੇ ਮਾਮਲੇ ਜਿਨ੍ਹਾਂ 11 ਸ਼ਹਿਰਾਂ ਵਿਚ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ ਮੁੰਬਈ, ਦਿੱਲੀ, ਹੈਦਰਾਬਾਦ, ਠਾਣੇ ਤੇ ਚੇਨਈ ਵਿਚ ਕੋਰੋਨਾ ਘੱਟ ਘਾਤਕ ਸਾਬਿਤ ਹੋ ਰਿਹਾ ਹੈ। ਹਾਲਾਂਕਿ ਵਧੇਰੇ ਤਾਦਾਦ ਵਿਚ ਸਾਹਮਣੇ ਆ ਰਹੇ ਨਵੇਂ ਮਾਮਲਿਆਂ ਕਾਰਣ ਠੀਕ ਹੋਣ ਵਾਲਿਆਂ ਦੀ ਗਿਣਤੀ ਤੇ ਘੱਟ ਮੌਤ ਦਰ ਦੇ ਬਾਵਜੂਦ ਇਨ੍ਹਾਂ ਸ਼ਹਿਰਾਂ ਵਿਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਇਹ ਭਾਰਤ ਸਰਕਾਰ ਤੇ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਲਈ ਸਿਰਦਰਦ ਬਣਿਆ ਹੋਇਆ ਹੈ। ਇਹ 11 ਸ਼ਹਿਰ ਰੈੱਡ ਤੇ ਕੰਟੇਨਮੈਂਟ ਜ਼ੋਨਸ ਵਿਚ ਹਨ।
ਕੋਰੋਨਾ ਦੇ ਅੰਕੜਿਆਂ ਦੇ ਮੁਤਾਬਕ ਇਨਫੈਕਟਿਡਾਂ ਦੀ ਸਭ ਤੋਂ ਵਧੇਰੇ ਗਿਣਤੀ ਦੇ ਮਾਮਲੇ ਵਿਚ ਤੀਜੇ ਪੜਾਅ ਵਾਲੇ ਚੇਨਈ ਵਿਚ ਮੌਤ ਦਰ ਸਭ ਤੋਂ ਘੱਟ ਰਹੀ। ਇਥੇ 12,761 ਲੋਕਾਂ ਵਿਚੋਂ ਸਿਰਫ 109 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਇਸ ਲਿਹਾਜ਼ ਨਾਲ ਇਥੇ ਪ੍ਰਤੀ 100 ਮਰੀਜ਼ਾਂ ਵਿਚੋਂ ਇਕ ਵਿਅਕਤੀ ਤੋਂ ਵੀ ਘੱਟ ਦੀ ਮੌਤ ਹੋਈ ਹੈ। ਠਾਣੇ ਵਿਚ ਇਹ ਅੰਕੜਾ 1.88 ਫੀਸਦੀ, ਹੈਦਰਾਬਾਦ ਵਿਚ 1.89 ਫੀਸਦੀ, ਦਿੱਲੀ ਵਿਚ 1.9 ਫੀਸਦੀ ਤੇ ਮੁੰਬਈ ਵਿਚ 3.19 ਫੀਸਦੀ ਰਿਹਾ ਜੋਕਿ ਹੋਰ 6 ਸ਼ਹਿਰਾਂ ਦੇ ਮੁਕਾਬਲੇ ਘੱਟ ਸੀ।
ਇਨ੍ਹਾਂ 11 ਸ਼ਹਿਰਾਂ ਵਿਚ ਕੋਰੋਨਾ ਵਾਇਰਸ ਨਾਲ ਲੜ ਕੇ ਠੀਕ ਹੋਣ ਦੀ ਦਰ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਸਭ ਤੋਂ ਬਿਹਤਰ 75 ਫੀਸਦੀ ਰਹੀ। ਇਥੇ 1,921 ਇਨਫੈਕਟਿਡਾਂ ਵਿਚੋਂ 1,450 ਸਿਹਤਮੰਦ ਹੋ ਚੁੱਕੇ ਹਨ। ਇਸ ਤੋਂ ਬਾਅਦ ਸੂਰਤ ਵਿਚ ਪ੍ਰਤੀ 100 ਇਨਫੈਕਟਿਡਾਂ ਵਿਚੋਂ ਤਕਰੀਬਨ 69, ਬੈਂਗਲੁਰੂ ਵਿਚ 50, ਚੇਨਈ ਵਿਚ 49 ਤੇ ਪੁਣੇ ਵਿਚ 47 ਤੋਂ ਵਧੇਰੇ ਸਿਹਤਮੰਦ ਹੋ ਗਏ।
11 ਸ਼ਹਿਰਾਂ ਵਿਚ ਠੀਕ ਹੋਣ ਦੀ ਸਭ ਤੋਂ ਘੱਟ ਦਰ ਮੁੰਬਈ ਵਿਚ ਸਿਰਫ 24.37 ਫੀਸਦੀ ਰਹੀ। ਇਥੇ 35,485 ਇਨਫੈਕਟਿਡਾਂ ਵਿਚੋਂ ਸਿਰਫ 8,650 ਵਿਅਕਤੀ ਸਿਹਤਮੰਦ ਹੋਏ ਹਨ। ਇਸ ਤੋਂ ਬਾਅਦ ਹੈਦਰਾਬਾਦ ਵਿਚ 100 ਇਨਫੈਕਟਿਡਾਂ ਵਿਚੋਂ 25, ਠਾਣੇ ਵਿਚ ਤਕਰੀਬਨ 28, ਕੋਲਕਾਤਾ ਵਿਚ 41 ਤੋਂ ਵਧੇਰੇ ਤੇ ਦਿੱਲੀ ਵਿਚ 46 ਤੋਂ ਵਧੇਰੇ ਸਿਹਤਮੰਦ ਹੋ ਗਏ।
 

Inder Prajapati

This news is Content Editor Inder Prajapati