48 ਦੇਸ਼, 2800 ਤੋਂ ਵਧ ਮੌਤਾਂ, 82 ਹਜ਼ਾਰ ਤੋਂ ਵਧੇਰੇ ਪੀੜਤ, ਮਹਾਮਾਰੀ ਬਣਿਆ ਕੋਰੋਨਾਵਾਇਰਸ

02/27/2020 7:28:08 PM

ਨਵੀਂ ਦਿੱਲੀ- ਕੋਰੋਨਾਵਾਇਰਸ ਨੇ ਦੁਨੀਆ ਲਈ ਇਕ ਮਹਾਮਾਰੀ ਦਾ ਰੂਪ ਧਾਰਣ ਕਰ ਲਿਆ ਹੈ। ਇਸ ਵਾਇਰਸ ਦੀ ਲਪੇਟ ਵਿਚ ਦੁਨੀਆ ਦੇ ਤਕਰੀਬਨ 48 ਦੇਸ਼ ਆ ਚੁੱਕੇ ਹਨ, ਜਿਹਨਾਂ ਵਿਚੋਂ ਦੱਖਣੀ ਕੋਰੀਆ, ਇਟਲੀ ਤੇ ਈਰਾਨ ਵਿਚ ਹਾਲਾਤ ਦਿਨੋਂ ਦਿਨ ਖਰਾਬ ਹੁੰਦੇ ਜਾ ਰਹੇ ਹਨ। ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਇਸ ਵਾਇਰਸ ਕਾਰਨ ਹੁਣ ਤੱਕ ਦੁਨੀਆਭਰ ਵਿਚ 2800 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਤੇ 80 ਹਜ਼ਾਰ ਤੋਂ ਵਧੇਰੇ ਲੋਕ ਇਸ ਨਾਲ ਪ੍ਰਭਾਵਿਤ ਹਨ।

ਚੀਨ ਵਿਚ ਹਾਲਾਤ ਸੁਧਰੇ ਪਰ ਮਰਨ ਵਾਲਿਆਂ ਦੀ ਗਿਣਤੀ ਹੋਈ 2744


ਚੀਨ ਵਿਚ ਮਹਾਮਾਰੀ ਬਣ ਚੁੱਕੇ ਕੋਰੋਨਾਵਾਇਰਸ ਕਾਰਨ ਬੁੱਧਵਾਰ ਨੂੰ 29 ਹੋਰ ਲੋਕਾਂ ਦੀ ਮੌਤ ਨਾਲ ਕੁੱਲ ਮੌਤਾਂ ਦੀ ਗਿਣਤੀ 2744 ਹੋ ਗਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ 29 ਜਨਵਰੀ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਇੰਨੀ ਘਟੀ ਹੋਵੇ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਇਸ ਵਾਇਰਸ ਕਾਰਨ 26 ਲੋਕ ਮਾਰੇ ਗਏ ਸਨ। ਕਮਿਸ਼ਨ ਨੇ ਦੱਸਿਆ ਕਿ ਬੁੱਧਵਾਰ ਨੂੰ ਇਸ ਕਾਰਨ 433 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 24 ਤੋਂ ਇਲਾਵਾ ਸਾਰੇ ਮਾਮਲੇ ਹੁਬੇਈ ਦੇ ਹਨ। ਇਹ ਵਾਇਰਸ ਹੁਬੇਈ ਦੀ ਰਾਜਧਾਨੀ ਤੋਂ ਬੀਤੇ ਸਾਲ ਦਸੰਬਰ ਮਹੀਨੇ ਫੈਲਣਾ ਸ਼ੁਰੂ ਹੋਇਆ ਸੀ। ਦੇਸ਼ ਵਿਚ ਹੁਣ ਤੱਕ ਇਸ ਦੇ ਕੁੱਲ 78,500 ਮਾਮਲੇ ਹਨ। ਹੁਬਈ ਵਿਚ ਇਸ ਦਾ ਕਹਿਰ ਅਜੇ ਵੀ ਜਾਰੀ ਹੈ ਪਰ ਚੀਨ ਦੇ ਬਾਕੀ ਸ਼ਹਿਰਾਂ ਵਿਚ ਹੌਲੀ-ਹੌਲੀ ਜ਼ਿੰਦਗੀ ਆਮ ਹੋ ਰਹੀ ਹੈ। ਫਿਲਹਾਲ ਦੇਸ਼ ਦੇ ਸਕੂਲ ਬੰਦ ਰੱਖੇ ਗਏ ਹਨ। ਇਸ ਵਿਚਾਲੇ ਕਈ ਸੰਗਠਨਾਂ ਨੇ ਦੋਸ਼ ਲਾਇਆ ਹੈ ਕਿ ਚੀਨ ਅੰਕੜੇ ਲੁਕਾ ਰਿਹਾ ਹੈ।

ਦੱਖਣੀ ਕੋਰੀਆ ਵਿਚ ਵਿਗੜੇ ਹਾਲਾਤ


ਚੀਨ ਤੋਂ ਬਾਅਦ ਇਕ ਜਾਨਲੇਵਾ ਵਾਇਰਸ ਦੀ ਲਪੇਟ ਵਿਚ ਸਭ ਤੋਂ ਵਧੇਰੇ ਲੋਕ ਦੱਖਣੀ ਕੋਰੀਆ ਦੇ ਹਨ। ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਕਾਰਨ ਪੀੜਤਾਂ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਦੇ ਪੀੜਤਾਂ ਦੀ ਗਿਣਤੀ ਵਧ ਕੇ 1,766 ਹੋ ਗਈ। ਇਸ ਦੇ ਨਾਲ ਹੀ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 13 ਦੱਸੀ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੀ ਇਕ ਚਰਚ ਵਿਚ ਕੋਰੋਨਾਵਾਇਰਸ ਦੇ ਕਈ ਮਾਮਲੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਚਰਚ ਦੇ 2 ਲੱਖ 10 ਹਜ਼ਾਰ ਚੇਲਿਆਂ ਵਿਚੋਂ 455 ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋ ਗਏ ਹਨ। ਪੂਰੇ ਦੇਸ਼ ਵਿਚ ਕੋਰੋਨਾਵਾਇਰਸ ਦਾ ਖੌਫ ਬਹੁਤ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।

ਕੋਰੋਨਾਵਾਇਰਸ ਦਾ ਅੱਡਾ ਬਣਿਆ ਕਰੂਜ਼ 'ਡਾਇਮੰਡ ਪ੍ਰਿੰਸਸ'


ਜਾਪਾਨ ਦੇ ਤੱਟ 'ਤੇ ਖੜ੍ਹਾ ਕਰੂਜ਼ ਜਹਾਜ਼ ਡਾਇਮੰਡ ਪ੍ਰਿੰਸਸ ਕੋਰੋਨਾਵਾਇਰਸ ਦਾ ਇਕ ਤਰ੍ਹਾਂ ਨਾਲ ਅੱਡਾ ਬਣ ਗਿਆ ਹੈ। ਇਸ ਸ਼ਿੱਪ 'ਤੇ ਸਵਾਰ 3711 ਲੋਕਾਂ ਵਿਚੋਂ 691 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਗਏ ਜਦਕਿ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਵਿਚਾਲੇ ਡਾਇਮੰਡ ਪ੍ਰਿੰਸਸ ਤੋਂ 119 ਭਾਰਤੀਆਂ ਨੂੰ ਏਅਰਲਿਫਟ ਕਰ ਲਿਆ ਗਿਆ ਹੈ। ਏਅਰ ਇੰਡੀਆਂ ਦੀ ਇਕ ਸਪੈਸ਼ਲ ਫਲਾਈਟ ਨਾਲ ਇਹਨਾਂ ਭਾਰਤੀਆਂ ਤੇ 5 ਵਿਦੇਸ਼ੀਆਂ ਨੂੰ ਦਿੱਲੀ ਲਿਆਂਦਾ ਗਿਆ ਹੈ। ਇਹ ਵਿਦੇਸ਼ੀ ਸ਼੍ਰੀਲੰਕਾ, ਨੇਪਾਲ, ਦੱਖਣੀ ਅਫਰੀਕਾ ਤੇ ਪੇਰੂ ਦੇ ਨਾਗਰਿਕ ਹਨ। ਉਧਰ ਜਾਪਾਨ ਵਿਚ ਵੀ 164 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਡ ਹੋ ਗਏ ਜਦਕਿ 4 ਲੋਕਾਂ ਦੀ ਮੌਤ ਹੋ ਗਈ ਹੈ।

ਯੂਰਪ ਵਿਚ ਇਟਲੀ ਬਣਿਆ ਕੋਰੋਨਾਵਾਇਰਸ ਦਾ ਟਿਕਾਣਾ


ਯੂਰਪ ਵਿਚ ਇਟਲੀ ਕੋਰੋਨਾਵਾਇਰਸ ਦਾ ਟਿਕਾਣਾ ਬਣਦਾ ਜਾ ਰਿਹਾ ਹੈ। ਇਟਲੀ ਵਿਚ ਕੋਰੋਨਾ ਵਾਇਰਸ ਨੇ 10 ਸੂਬਿਆਂ ਦੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਹੁਣ ਤਕ 12 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 370 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਸਿਵਲ ਸੁਰੱਖਿਆ ਵਿਭਾਗ ਦੇ ਮੁਖੀ ਅਤੇ ਕੋਰੋਨਾ ਵਾਇਰਸ ਐਮਰਜੈਂਸੀ ਦੇ ਅਸਧਾਰਨ ਕਮਿਸ਼ਨਰ ਆਜੋਲੀਨਾ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਅੱਗੇ ਕਿਹਾ ਕਿ ਇਟਲੀ ਦਾ ਉੱਤਰੀ ਖੇਤਰ ਜਿੱਥੇ 21 ਫਰਵਰੀ ਨੂੰ ਪਹਿਲੀ ਵਾਰ ਇਸ ਮਹਾਮਾਰੀ ਦੀ ਸ਼ੁਰੂਆਤ ਹੋਈ ਸੀ ਤੇ ਸਰਕਾਰ ਨੇ ਕੁੱਲ 11 ਸ਼ਹਿਰਾਂ ਨੂੰ ਤਾਲਾਬੰਦੀ ਹੇਠ ਰੱਖਿਆ ਹੈ, ਜਿਹਨਾਂ ਵਿਚ 10 ਲੋਮਬਾਰਦੀਆ ਅਤੇ ਇਕ ਵੇਨਤੋ ਖੇਤਰ ਵੀ ਹੈ।

ਈਰਾਨ ਵਿਚ ਮੌਤਾਂ ਦੀ ਗਿਣਤੀ ਹੋਈ 22, ਉਪ ਸਿਹਤ ਮੰਤਰੀ ਵੀ ਬੀਮਾਰ


ਈਰਾਨ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ ਕੁੱਲ 141 ਲੋਕਾਂ ਵਿਚੋਂ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਨਿਊਜ਼ ਏਜੰਸੀ ਆਈ.ਆਰ.ਐਨ.ਏ. ਨੇ ਵੀਰਵਾਰ ਨੂੰ ਦੱਸਿਆ ਕਿ ਸਰਕਾਰ ਵਲੋਂ ਜਾਰੀ ਇਕ ਗ੍ਰਾਫ ਵਿਚ ਦਰਸਾਇਆ ਗਿਆ ਹੈ ਕਿ ਈਰਾਨ ਦੇ 31 ਸੂਬਿਆਂ ਵਿਚੋਂ 20 ਵਿਚ ਇਹ ਵਾਇਰਸ ਫੈਲ ਚੁੱਕਾ ਹੈ। ਸ਼ਿਆਓਂ ਦੇ ਪਵਿੱਤਰ ਸ਼ਹਿਰ ਕੋਮ ਵਿਚ ਸਭ ਤੋਂ ਵਧੇਰੇ 63 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮਾਹਰ ਖਦਸ਼ਾ ਜ਼ਾਹਿਰ ਕਰ ਰਹੇ ਹਨ ਕਿ ਮਾਮਲਿਆਂ ਦੀ ਗਿਣਤੀ ਘੱਟ ਦੱਸੀ ਜਾ ਰਹੀ ਹੈ। ਇੰਨਾਂ ਹੀ ਨਹੀਂ ਕੋਰੋਨਾਵਾਇਰਸ ਦੀ ਲਪੇਟ ਵਿਚ ਈਰਾਨ ਦੇ ਉਪ ਸਿਹਤ ਮੰਤਰੀ ਇਰਾਜ ਹਰੀਰਚੀ ਵੀ ਆ ਗਏ ਹਨ। ਉਹਨਾਂ ਵਿਚ ਕੋਰੋਨਾਵਾਇਰਸ ਪਾਇਆ ਗਿਆ ਹੈ। 

ਟਰੰਪ ਬੋਲੇ ਡਰਨ ਦੀ ਲੋੜ ਨਹੀਂ


ਕੋਰੋਨਾਵਾਇਰਸ ਦੀ ਲਪੇਟ ਵਿਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵੀ ਹੈ। ਅਮਰੀਕਾ ਵਿਚ ਹੁਣ ਤੱਕ 59 ਲੋਕਾਂ ਵਿਚ ਕੋਰੋਨਾਵਾਇਰਸ ਮਿਲਿਆ ਹੈ। ਇਸ ਵਿਚਾਲੇ ਭਾਰਤ ਦੌਰੇ 'ਤੇ ਪਰਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨੀ ਯਾਤਰੀਆਂ 'ਤੇ ਰੋਕ ਲਾਉਣ ਜਿਹੇ ਸਰਕਾਰ ਦੇ ਕਦਮਾਂ ਦੇ ਕਾਰਨ ਅਮਰੀਕੀ ਲੋਕਾਂ ਵਿਚ ਕੋਰੋਨਾਵਾਇਰਸ ਦੇ ਫੈਲਣ ਦਾ ਖਤਰਾ ਬਹੁਤ ਘੱਟ ਹੈ। ਉਹਨਾਂ ਕਿਹਾ ਕਿ ਸਾਡੇ ਕਦਮਾਂ ਦੀ ਕਈ ਦੇਸ਼ਾਂ ਨੇ ਨਿੰਦਾ ਕੀਤੀ ਸੀ ਪਰ ਹੁਣ ਇਸ ਦਾ ਫਾਇਦਾ ਦਿਖ ਰਿਹਾ ਹੈ।

ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ 2 ਮਾਮਲੇ


ਪਾਕਿਸਤਾਨ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਨਾਲ ਇਨਫੈਕਟਡ ਦੇਸ਼ ਵਿਚ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਬੁੱਧਵਾਰ ਸ਼ਾਮ ਨੂੰ ਇਕ ਟਵੀਟ ਕਰਦੇ ਹੋਏ ਸਿਹਤ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਜ਼ਫਰ ਮਿਰਜ਼ਾ ਨੇ ਕਿਹਾ ਕਿ ਮੈਂ ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ ਕਰਦਾ ਹਾਂ। ਦੋਵਾਂ ਹੀ ਮਾਮਲਿਆਂ ਵਿਚ ਕਲੀਨਿਕਲ ਮਾਣਕ ਪ੍ਰੋਟੋਕਾਲ ਦੇ ਮੁਤਾਬਕ ਧਿਆਨ ਰੱਖਿਆ ਜਾ ਰਿਹਾ ਹੈ ਤੇ ਦੋਵਾਂ ਦੀ ਹਾਲਤ ਸਥਿਰ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਚੀਜ਼ਾਂ ਕੰਟਰੋਲ ਵਿਚ ਹਨ।

48 ਦੇਸ਼ਾਂ ਵਿਚ ਦਹਿਸ਼ਤ


ਕੋਰੋਨਾਵਾਇਰਸ ਦੀ ਮਾਰ ਨਾਲ ਦੁਨੀਆ ਦੇ 48 ਦੇਸ਼ ਪ੍ਰਭਾਵਿਤ ਹਨ। ਕੋਰੋਨਾਵਾਇਰਸ ਦੇ ਸਿੰਗਾਪੁਰ ਵਿਚ 93, ਥਾਈਲੈਂਡ ਵਿਚ 40, ਤਾਈਵਾਨ ਵਿਚ 32, ਬਹਿਰੀਨ ਵਿਚ 26, ਕੁਵੈਤ ਵਿਚ 26, ਆਸਟਰੇਲੀਆ ਵਿਚ 23, ਮਲੇਸ਼ੀਆ ਵਿਚ 22, ਫਰਾਂਸ ਵਿਚ 18, ਜਰਮਨੀ ਵਿਚ 18, ਭਾਰਤ ਵਿਚ ਤਿੰਨ, ਬ੍ਰਾਜ਼ੀਲ ਵਿਚ 1, ਮਿਸਰ ਵਿਚ 1, ਜਾਰਜੀਆ ਵਿਚ 1 ਮਾਮਲੇ ਸਣੇ ਦੁਨੀਆ ਦੇ 48 ਦੇਸ਼ਾਂ ਦੇ 82 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹਨ। ਭਾਰਤ ਵਿਚ ਇਸ ਕੋਰੋਨਾਵਾਇਰਸ ਦਾ ਪ੍ਰਭਾਵ ਬੇਹੱਦ ਘੱਟ ਹੈ ਪਰ ਜਿਹਨਾਂ ਦੇਸ਼ਾਂ ਵਿਚ ਕੋਰੋਨਾਵਾਇਰਸ ਦਾ ਪ੍ਰਭਾਵ ਵਧਿਆ ਹੈ ਉਥੇ ਭਾਰਤੀਆਂ ਦੀ ਵੱਡੀ ਗਿਣਤੀ ਰਹਿੰਦੀ ਹੈ। ਇਸ ਨਾਲ ਭਾਰਤ ਸਰਕਾਰ ਦੀ ਟੈਨਸ਼ਨ ਵੀ ਵਧਦੀ ਜਾ ਰਹੀ ਹੈ। 

Baljit Singh

This news is Content Editor Baljit Singh