UP ’ਚ ਕੋਰੋਨਾ ਦਾ ਕਹਿਰ ਜਾਰੀ, ਯੋਗੀ ਸਰਕਾਰ ਨੇ ਹੁਣ ਸੋਮਵਾਰ ਤਕ ਵਧਾਈ ਤਾਲਾਬੰਦੀ

05/05/2021 2:26:51 PM

ਲਖਨਊ– ਉੱਤਰ-ਪ੍ਰਦੇਸ਼ ’ਚ ਪੰਚਾਇਤੀ ਚੋਣਾਂ ਤੋਂ ਬਾਅਦ ਸੂਬੇ ਦੇ ਹਰ ਪਿੰਡ ’ਚ ਕੋਰੋਨਾ ਲਾਗ ਦੀ ਬੀਮਾਰੀ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦੇ ਯੋਗੀ ਸਰਕਾਰ ਨੇ ਤਾਲਾਬੰਦੀ ਵਧਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਸੂਬੇ ’ਚ ਹੁਣ ਸੋਮਵਾਰ ਯਾਨੀ 10 ਮਈ ਤਕ ਲਈ ਤਾਲਾਬੰਦੀ ਵਧਾ ਦਿੱਤੀ ਹੈ। ਇਸ ਨਾਲ ਹੁਣ ਪੂਰੇ ਸੂਬੇ ’ਚ ਸੋਮਵਾਰ ਸਵੇਰੇ 10 ਵਜੇ ਤਕ ਤਾਲਾਬੰਦੀ ਰਹੇਗੀ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਯੋਗੀ ਸਰਕਾਰ ਨੇ ਵੀਰਵਾਰ ਯਾਨੀ 6 ਮਈ ਸਵੇਰੇ 7 ਵਜੇ ਤਕ ਪਾਬੰਦੀ ਲਗਾਈ ਸੀ ਪਰ ਹੁਣ ਇਸ ਨੂੰ ਸੋਮਵਾਰ ਸਵੇਰ ਤਕ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਤਾਲਾਬੰਦੀ ਦੌਰਾਨ ਮਿਲੀ ਛੋਟ ਜਾਰੀ ਰਹੇਗੀ। ਹਾਲਾਂਕਿ, ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਵੀਰਵਾਰ ਸਵੇਰੇ 7 ਵਜੇ ਤੋਂ ਸ਼ੁੱਕਰਵਾਰ ਰਾਤ 8 ਵਜੇ ਤਕ ਬਾਜ਼ਾਰ ਖੋਲ੍ਹਿਆ ਜਾਣਾ ਸੀ ਪਰ ਕੋਰੋਨਾ ਦੇ ਵਧਦੇ ਕਹਿਰ ਕਾਰਨ ਹੁਣ ਸਰਕਾਰ ਨੇ ਪੂਰੇ ਹਫਤੇ ਲਈ ਤਾਲਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ।

ਇਸ ਦੇ ਮੱਦੇਨਜ਼ਰ ਯੋਗੀ ਸਰਕਾਰ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਿੰਡਾਂ ’ਚ ਟੀਕਾਕਰਨ ਅਤੇ ਸੈਨੀਟਾਈਜੇਸ਼ਨ ਨੂੰ ਤੇਜ਼ ਕਰਨ ਦਾ ਹੁਕਮ ਦਿੱਤਾ ਹੈ। ਤਾਲਾਬੰਦੀ ਦੌਰਾਨ ਜ਼ਰੂਰੀ ਚੀਜ਼ਾਂ, ਦਵਾਈਆ ਦੀਆਂ ਦੁਕਾਨਾਂ ਸਮੇਤ ਈ-ਕਾਮਰਸ ਸਪਲਾਈ ਨੂੰ ਚਾਲੀ ਰੱਖਿਆ ਜਾਵੇਗਾ। ਇਸ ਵਿਚਕਾਰ ਯੂ.ਪੀ. ਸਰਕਾਰ ਵਲੋਂ ਇਕ ਹੋਰ ਹੁਕਮ ਜਾਰੀ ਕੀਤਾ ਗਿਆ ਹੈ, ਜਿਸ ਵਿਚ ਉਦਯੋਗਿਕ ਗਤੀਵਿਧੀਆਂ, ਮੈਡੀਕਲ ਜਾਂ ਜ਼ਰੂਰੀ ਸੇਵਾਵਾਂ ਦੀ ਸਪਲਾਈ, ਜ਼ਰੂਰੀ ਚੀਜ਼ਾਂ ਦੀ ਆਵਾਜਾਈ, ਈ-ਕਾਮਰਸ ਆਪਰੇਸ਼ੰਸ, ਐਮਰਜੈਂਸੀ ਮੈਡੀਕਲ ਵਾਲੇ ਵਿਅਕਤੀ ਅਤੇ ਦੂਰਸੰਚਾਰ, ਡਾਕ ਸੇਵਾ, ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਸੇਵਾ ਨਾਲ ਜੁੜੇ ਲੋਕਾਂ ਨੂੰ ਈ-ਪਾਸ ਲੈਣ ਦੀ ਲੋੜ ਹੋਵੇਗੀ। 

Rakesh

This news is Content Editor Rakesh