ਜਾਨਲੇਵਾ ਕੋਰੋਨਾ : ਥਾਈਲੈਂਡ, ਸਿੰਗਾਪੁਰ ਤੋਂ ਆਉਣ ਵਾਲੇ ਯਾਤਰੀਆਂ ਦੀ ਵੀ ਹੋਵੇਗੀ ਜਾਂਚ

02/02/2020 5:42:34 PM

ਨਵੀਂ ਦਿੱਲੀ (ਵਾਰਤਾ)— ਨੋਵਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਥਾਈਲੈਂਡ ਅਤੇ ਸਿੰਗਾਪੁਰ ਤੋਂ ਆਉਣ ਵਾਲੇ ਯਾਤਰੀਆਂ ਦੀ ਵੀ ਥਰਮਲ ਸਕ੍ਰੀਨਿੰਗ ਦੇ ਆਦੇਸ਼ ਦਿੱਤੇ ਗਏ ਹਨ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਨਿਰਦੇਸ਼ 'ਤੇ ਹੁਣ ਥਾਈਲੈਂਡ ਅਤੇ ਸਿੰਗਾਪੁਰ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਦੀ ਵੀ ਥਰਮਲ ਸਕ੍ਰੀਨਿੰਗ ਕੀਤੀ ਜਾਵੇਗੀ। ਚੀਨ ਅਤੇ ਹਾਂਗਕਾਂਗ ਤੋਂ ਆਉਣ ਵਾਲੇ ਯਾਤਰੀਆਂ ਦੀ ਪਹਿਲਾਂ ਤੋਂ ਹੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੁਣ ਦੁਨੀਆ ਦੇ 25 ਦੇਸ਼ਾਂ 'ਚ ਫੈਲ ਚੁੱਕਾ ਹੈ। ਦੁਨੀਆ ਭਰ ਵਿਚ 12 ਹਜ਼ਾਰ ਤੋਂ ਵਧੇਰੇ ਮਰੀਜ਼ਾਂ 'ਚ ਇਸ ਵਾਇਰਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋ ਚੁੱਕੀ ਹੈ। ਜਿਸ ਵਿਚ 99 ਫੀਸਦੀ ਚੀਨ ਤੋਂ ਹਨ। ਇਸ ਤੋਂ ਬਾਅਦ ਸਭ ਤੋਂ ਜ਼ਿਆਦਾ 19 ਮਾਮਲੇ ਥਾਈਲੈਂਡ 'ਚ ਸਾਹਮਣੇ ਆਏ ਹਨ। ਜਾਪਾਨ 'ਚ 17 ਅਤੇ ਸਿੰਗਾਪੁਰ 'ਚ 16 ਮਾਮਲੇ ਸਾਹਮਣੇ ਆਏ ਹਨ। ਬੀਤੀ 31 ਦਸੰਬਰ ਨੂੰ ਚੀਨ ਦੇ ਸ਼ਹਿਰ ਵੁਹਾਨ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਤਕ ਫੈਲ ਰਿਹਾ ਹੈ। ਇੱਥੇ ਦੱਸ ਦੇਈਏ ਕਿ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਚੀਨ 'ਚ 305 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 14 ਹਜ਼ਾਰ ਤੋਂ ਵਧੇਰੇ ਵਾਇਰਸ ਦੀ ਲਪੇਟ 'ਚ ਹਨ।

Tanu

This news is Content Editor Tanu