ਬਿਹਾਰ: ਸੀਤਾਮੜੀ ''ਚ ਸ਼ਰਾਬ ਮਾਫੀਆ ਦਾ ਪੁਲਸ ਟੀਮ ''ਤੇ ਹਮਲਾ, SI ਦੀ ਮੌਤ

02/24/2021 7:33:46 PM

ਪਟਨਾ - ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਸ਼ਰਾਬ ਮਾਫੀਆ ਨਾਲ ਮੁਕਾਬਲੇ ਵਿੱਚ ਇੱਕ ਅਸਿਸਟੈਂਟ ਸਬ ਇੰਸਪੈਕਟਰ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਇੱਕ ਹੋਰ ਪੁਲਸ ਮੁਲਾਜ਼ਮ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਅਸਿਸਟੈਂਟ ਸਬ ਇੰਸਪੈਕਟਰ ਦਾ ਨਾਮ ਦਿਨੇਸ਼ ਰਾਮ ਹੈ ਅਤੇ ਜ਼ਖ਼ਮੀ ਪੁਲਸ ਮੁਲਾਜ਼ਮ ਦਾ ਨਾਮ ਲਾਲਬਾਬੂ ਪਾਸਵਾਨ ਹੈ। ਦੋਨਾਂ ਪੁਲਸ ਮੁਲਾਜ਼ਮਾਂ ਦੀ ਸੀਤਾਮੜੀ ਦੇ ਮੇਜਰਗੰਜ ਥਾਣਾ ਵਿੱਚ ਪੋਸਟਿੰਗ ਸੀ। ਘਟਨਾ ਮੇਜਰਗੰਜ ਥਾਣਾ ਅਨੁਸਾਰ ਆਉਣ ਵਾਲੇ ਕੋਆਰੀ ਮਦਨ ਪਿੰਡ ਦੀ ਹੈ, ਜਿੱਥੇ ਗੁਪਤ ਸੂਚਨਾ ਦੇ ਆਧਾਰ 'ਤੇ ਬੁੱਧਵਾਰ ਸਵੇਰੇ ਪੁਲਸ ਦੀ ਟੀਮ ਕੋਆਰੀ ਪਿੰਡ ਛਾਪੇਮਾਰੀ ਕਰਨ ਪਹੁੰਚੀ ਸੀ।

ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਵਿੱਚ ਗ਼ੈਰ-ਕਾਨੂੰਨੀ ਸ਼ਰਾਬ ਦਾ ਕੰਮ-ਕਾਜ ਚੱਲ ਰਿਹਾ ਹੈ ਅਤੇ ਇਸ ਤੋਂ ਬਾਅਦ ਪਿੰਡ 'ਤੇ ਛਾਪੇਮਾਰੀ ਕਰਨ ਲਈ ਪੁਲਸ ਦਾ ਦਸਤਾ ਪਹੁੰਚਿਆ ਸੀ। ਪੁਲਸ ਦੀ ਟੀਮ ਜਿਵੇਂ ਹੀ ਪਿੰਡ ਪਹੁੰਚੀ ਸ਼ਰਾਬ ਮਾਫੀਆ ਨੇ ਪੁਲਸ 'ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਐੱਸ.ਆਈ. ਦਿਨੇਸ਼ ਰਾਮ ਅਤੇ ਚੌਂਕੀਦਾਰ ਲਾਲਬਾਬੂ ਪਾਸਵਾਨ ਨੂੰ ਗੋਲੀ ਲੱਗ ਗਈ। ਜਾਣਕਾਰੀ ਮੁਤਾਬਕ ਘਟਨਾ ਸਥਾਨ ਤੋਂ ਹਸਪਤਾਲ ਲੈ ਜਾਣ ਦੌਰਾਨ ਐੱਸ.ਆਈ. ਦਿਨੇਸ਼ ਰਾਮ ਦੀ ਮੌਤ ਹੋ ਗਈ ਜਦੋਂ ਕਿ ਚੌਂਕੀਦਾਰ ਲਾਲਬਾਬੂ ਪਾਸਵਾਨ ਦਾ ਇਲਾਜ ਚੱਲ ਰਿਹਾ ਹੈ। ਚੌਂਕੀਦਾਰ ਦੀ ਵੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਘਟਨਾ ਤੋਂ ਬਾਅਦ ਪੁਲਸ ਨੇ ਪੂਰੇ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਸ਼ਹੀਦ ਐੱਸ.ਆਈ. ਦਿਨੇਸ਼ ਰਾਮ ਮੋਤੀਹਾਰੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਦੱਸ ਦੇਈਏ, ਬੀਤੇ ਦਿਨੀਂ ਗੋਪਾਲਗੰਜ ਅਤੇ ਮੁਜ਼ੱਫਰਪੁਰ ਵਿੱਚ ਜਹਿਰੀਲੀ ਸ਼ਰਾਬ ਪੀਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati