ਗੁਜਰਾਤ ’ਚ ਹਨੂੰਮਾਨ ਦੀ ਮੂਰਤੀ ਨੂੰ ਲੈ ਕੇ ਵਿਵਾਦ, ਸਹਿਜਾਨੰਦ ਸਵਾਮੀ ਸਾਹਮਣੇ ਗੋਡੇ ਟੇਕਦੇ ਹੋਏ ਦਿਖਾਇਆ

09/02/2023 12:50:45 PM

ਜਲੰਧਰ, (ਇੰਟ)- ਗੁਜਰਾਤ ਦੇ ਬੋਟਾਦ ਜ਼ਿਲ੍ਹੇ ਦੇ ਇਕ ਮੰਦਰ ’ਚ ਭਗਵਾਨ ਹਨੂੰਮਾਨ ਨੂੰ ਸਹਜਾਨੰਦ ਸਵਾਮੀ ਦੇ ਸਾਹਮਣੇ ਗੋਡੇ ਟੇਕਦੇ ਹੋਏ ਦਿਖਾਏ ਜਾਣ ਵਾਲੇ ਚਿੱਤਰਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਪ੍ਰਸਿੱਧ ਹਨੂੰਮਾਨ ਮੰਦਰ ਸਾਲੰਗਪੁਰ ’ਚ ਸਥਿਤ ਹੈ। ਹਿੰਦੂ ਧਾਰਮਿਕ ਆਗੂਆਂ ਨੇ ਇਨ੍ਹਾਂ ਚਿੱਤਰਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ।

54 ਫੁੱਟ ਦੀ ਹੈ ਵਿਸ਼ਾਲ ਮੂਰਤੀ

ਮੰਦਰ ਦੀ ਮੈਨੇਜਮੈਂਟ ਨੇ ਕੁਝ ਮਹੀਨੇ ਪਹਿਲਾਂ ਹੀ ਕੰਪਲੈਕਸ ’ਚ ਭਗਵਾਨ ਹਨੂੰਮਾਨ ਦੀ 54 ਫੁੱਟ ਦੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਸੀ। ਇਸ ਦੀ ਬੈਠਕ ਦੀ ਕੰਧ ਚਿੱਤਰਾਂ ਨਾਲ ਢਕੀ ਹੋਈ ਹੈ। ਇਕ ਚਿੱਤਰ ’ਚ ਭਗਵਾਨ ਹਨੂੰਮਾਨ ਨੂੰ ਭਗਵਾਨ ਸਵਾਮੀਨਾਰਾਇਣ ਦੇ ਸਾਹਮਣੇ ਗੋਡੇ ਟੇਕੇ ਅਤੇ ਹੱਥ ਜੋੜੀ ਦਿਖਾਇਆ ਗਿਆ ਹੈ, ਜਿਵੇਂ ਕਿ ਉਹ ਸਵਾਮੀਨਾਰਾਇਣ ਦਾ ਚੇਲੇ ਹੋਣ। ਚਿੱਤਰ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਪਿੱਛੋਂ ਵਿਵਾਦ ਸ਼ੁਰੂ ਹੋ ਗਿਆ। ਮੰਨੇ-ਪ੍ਰਮੰਨੇ ਉਪਦੇਸ਼ਕ ਮੋਰਾਰੀ ਬਾਪੂ ਨੇ ਬਿਨਾਂ ਕਿਸੇ ਦਾ ਨਾਂ ਲਏ ਵਿਰੋਧ ਦਰਜ ਕਰਾਇਆ ਅਤੇ ਲੋਕਾਂ ਨੂੰ ਮੁੱਦੇ ’ਤੇ ਬੋਲਣ ਦੀ ਬੇਨਤੀ ਕੀਤੀ।

ਡੀ. ਸੀ. ਨੂੰ ਸੌਂਪਿਆ ਮੰਗ ਪੱਤਰ

ਧਾਰਮਿਕ ਆਗੂਆਂ ਦੇ ਇਕ ਵਫਦ ਨੇ ਬੋਟਾਦ ਦੇ ਡੀ. ਸੀ. ਨੂੰ ਇਕ ਮੰਗ ਪੱਤਰ ਵੀ ਸੌਂਪਿਆ ਹੈ, ਜਿਸ ’ਚ ਚਿੱਤਰ ਨੂੰ ਹਟਾਉਣ ਦੀ ਮੰਗ ਕੀਤੀ ਗਈ। ਵਫਦ ਦੇ ਮੁਖੀ ਰਾਧੇ ਦੁਧ੍ਰੇਜੀਆ ਨੇ ਕਿਹਾ ਕਿ ਇਹ ਸਾਡੇ ਭਗਵਾਨ ਦਾ ਨਿਰਾਦਰ ਹੈ ਅਤੇ ਅਸੀਂ ਸਾਰੇ ਇਸ ਚਿੱਤਰ ਨੂੰ ਹਟਾਉਣ ਦੀ ਮੰਗ ਕਰਦੇ ਹਾਂ। ਅਸੀਂ ਮੰਦਰ ਮੈਨੇਜਮੈਂਟ ਨਾਲ ਵੀ ਇਸ ਮੁੱਦੇ ’ਤੇ ਚਰਚਾ ਕਰਾਂਗੇ। ਜੇ ਇਸ ਦਾ ਹੱਲ ਨਾ ਹੋਇਆ ਤਾਂ ਅਸੀਂ ਰੋਸ-ਵਿਖਾਵਾ ਕਰਾਂਗੇ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਾਵਾਂਗੇ। ਪ੍ਰਮੁੱਖ ਧਾਰਮਿਕ ਆਗੂ ਜਯੋਤਿਰਾਨਾਥ ਮਹਾਰਾਜ ਨੇ ਵੀ ਇਸ ਚਿੱਤਰ ’ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ।

ਹਿੰਦੂ ਆਗੂਆਂ ਅਤੇ ਗੂਰੂਆਂ ਨੇ ਕੀਤੀ ਨਿੰਦਾ

ਗੁਜਰਾਤ ਦੇ ਪਸਿੱਧ ਅਧਿਆਤਮਵਾਦੀ ਮੋਰਾਰੀ ਬਾਪੂ ਅਤੇ ਅਹਿਮਦਾਬਾਦ ਦੇ ਜਗਨਨਾਥ ਮੰਦਰ ਦੇ ਦਿਲੀਪ ਦਾਸ, ਅਖਿਲੇਸ਼ ਦਾਸ ਅਤੇ ਇੰਦਰਭਾਰਤੀ ਬਾਪੂ ਸਮੇਤ ਕਈ ਹੋਰ ਪ੍ਰਮੁੱਖ ਸਾਧੂਆਂ ਦੇ ਚਿੱਤਰ ਦੀ ਨਿੰਦਾ ਕੀਤੀ ਹੈ। ਗੁਜਰਾਤ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਕੱਤਰ ਅਸ਼ੋਕ ਰਾਵਲ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ’ਚ ਦੱਸਿਆ ਕਿ ਉਨ੍ਹਾਂ ਨੇ ਅਗਲੇ ਕੁਝ ਿਦਨਾਂ ’ਚ ਇਸ ਮੁੱਦੇ ਦਾ ਹੱਲ ਨਿਕਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਅਜਿਹੇ ਕੰਮਾਂ ਨਾਲ ਿਹੰਦੂਆਂ ਦੇ ਅੰਦਰ ਦਰਾਰਾਂ ਵਧਦੀਆਂ ਹਨ, ਜਿਸ ਨਾਲ ਦੂਜਿਆਂ ਨੂੰ ਹੀ ਫਾਇਦਾ ਹੁੰਦਾ ਹੈ।

ਮੰਦਰ ਨੂੰ ਭੇਜਿਆ ਕਾਨੂੰਨੀ ਨੋਟਿਸ

ਜਿੱਥੇ ਸੂਬੇ ਦੇ ਅਧਿਆਤਮਕ ਆਗੂਆਂ ਨੇ ਚਿੱਤਰ ’ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ, ਉੱਥੇ ਹੀ ਰਾਜਕੋਟ ਦੇ ਇਕ ਵਕੀਲ ਨੇ ਵਿਵਾਦਪੂਰਨ ਚਿੱਤਰ ਨੂੰ ਹਟਾਉਣ ਲਈ ਮੰਦਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਇਹ ਭਾਈਚਾਰਾ ਇਸ ਤਰ੍ਹਾਂ ਦੇ ਵਿਵਾਦ ’ਚ ਆਇਆ ਹੈ। ਪਹਿਲਾਂ ਕਈ ਮੌਕਿਆਂ ’ਤੇ ਭਾਈਚਾਰੇ ਦੇ ਸਾਧੂਆਂ ਨੇ ਹਿੰਦੂ ਦੇਵਤਿਆਂ ਬਾਰੇ ਟਿੱਪਣੀਆਂ ਕੀਤੀਆਂ ਸਨ, ਜਿਸ ਤੋਂ ਗੁਜਰਾਤ ’ਚ ਹਿੰਦੂ ਸੰਗਠਨ ਨਾਰਾਜ਼ ਹੋ ਗਏ ਸਨ। ਇਸ ਦੇ ਬਾਅਦ ਕੁਝ ਸਵਾਮੀ ਨਾਰਾਇਣ ਸਾਧੂਆਂ ਨੂੰ ਜਨਤਕ ਤੌਰ ’ਤੇ ਮੁਆਫੀ ਵੀ ਮੰਗਣੀ ਪਈ ਸੀ।

Rakesh

This news is Content Editor Rakesh