ਕਾਂਗਰਸ 'ਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ, ਬੋਲੇ- ਭਾਰੀ ਮਨ ਨਾਲ ਛੱਡ ਰਿਹਾਂ ਭਾਜਪਾ

04/06/2019 12:27:42 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਬਾਗੀ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਅੱਜ ਯਾਨੀ ਸ਼ਨੀਵਾਰ ਨੂੰ ਰਸਮੀ ਤੌਰ 'ਤੇ ਕਾਂਗਰਸ 'ਚ ਸ਼ਾਮਲ ਹੋ ਗਏ। ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਦੀ ਮੌਜੂਦਗੀ 'ਚ ਉਨ੍ਹਾਂ ਨੇ ਪਾਰਟੀ ਦੀ ਮੈਂਬਰਤਾ ਲਈ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਭਾਜਪਾ ਸੰਸਥਾਪਕਾਂ ਨਾਨਾਜੀ ਦੇਸ਼ਮੁੱਖ, ਅਟਲ ਅਤੇ ਅਡਵਾਨੀ ਦੀ ਜੰਮ ਕੇ ਤਾਰੀਫ ਕੀਤੀ, ਉੱਥੇ ਹੀ ਮੋਦੀ ਅਤੇ ਅਮਿਤ ਸ਼ਾਹ 'ਤੇ ਤਿੱਖਾ ਹਮਲਾ ਵੀ ਬੋਲਿਆ। ਸ਼ਤਰਘੂਨ ਨੇ ਕਿਹਾ ਕਿ ਉਨ੍ਹਾਂ ਨੂੰ ਦੁਖ ਹੈ ਕਿ ਭਾਜਪਾ ਦੇ ਸਥਾਪਨਾ ਦਿਵਸ 'ਤੇ ਉਨ੍ਹਾਂ ਨੂੰ ਭਾਰੀ ਮਨ ਨਾਲ ਪਾਰਟੀ ਨੂੰ ਛੱਡਣ ਦਾ ਫੈਸਲਾ ਲੈਣਾ ਪਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕਾਂਗਰਸ 'ਚ ਸ਼ਾਮਲ ਕਰਵਾਉਣ 'ਚ ਲਾਲੂ ਯਾਦਵ ਦੀ ਅਹਿਮ ਭੂਮਿਕਾ ਰਹੀ।
ਅੱਜ ਦੇ ਦਿਨ ਪਾਰਟੀ ਨੂੰ ਛੱਡਣਾ ਮੇਰੇ ਲਈ ਦੁਖਦ 
ਸ਼ਤਰੂ ਨੇ ਕਿਹਾ ਕਿ ਅੱਜ ਭਾਜਪਾ ਦਾ 39ਵਾਂ ਸਥਾਪਨਾ ਦਿਵਸ ਹੈ। ਅੱਜ ਦੇ ਦਿਨ ਪਾਰਟੀ ਨੂੰ ਛੱਡਣਾ ਮੇਰੇ ਲਈ ਦੁਖਦ ਰਿਹਾ ਹੈ। ਉਨ੍ਹਾਂ ਨੇ ਕਿਹਾ,''ਜਦੋਂ ਜੈ ਪ੍ਰਕਾਸ਼ ਨਾਰਾਇਣ ਨੂੰ ਮੈਂ ਮਿਲਿਆ ਤਾਂ ਉਨ੍ਹਾਂ ਨੇ ਨਾਨਾਜੀ ਦੇਸ਼ਮੁੱਖ ਨਾਲ ਮੇਰੀ ਪਛਾਣ ਕਰਵਾਈ। ਭਾਰਤ ਰਤਨ ਨਾਨਾਜੀ ਨੇ ਮੇਰੀ ਸਿਆਸੀ ਪਰਵਰਿਸ਼ ਕੀਤੀ। ਉਨ੍ਹਾਂ ਨੇ ਮੈਨੂੰ ਅਟਲਜੀ ਨਾਲ ਮਿਲਾਇਆ ਅਤੇ ਮੈਂ ਭਾਜਪਾ ਲਈ ਕੰਮ ਕਰਨ ਦਾ ਫੈਸਲਾ ਕੀਤਾ। ਇਸੇ ਪਾਰਟੀ 'ਚ ਮੇਰੀ ਮੁਲਾਕਾਤ ਮੇਰੇ ਗੁਰੂ ਅਤੇ ਗਾਈਡ ਅਡਵਾਨੀਜੀ ਨਾਲ ਵੀ ਹੋਈ।''
ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ 
ਸ਼ਤਰੂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ, ਕਿਉਂਕਿ ਉਹ ਸਾਡੇ ਪਰਿਵਾਰ ਵਰਗੇ ਸਨ ਅਤੇ ਉਹ ਭਾਜਪਾ 'ਚ ਭਾਰਤ ਰਤਨ ਨਾਨਾਜੀ ਦੇਸ਼ਮੁੱਖ, ਅਟਲ ਬਿਹਾਰੀ ਵਾਜਪਾਈ, ਉਨ੍ਹਾਂ ਦੇ ਦੋਸਤ ਗਾਈਡ ਅਤੇ ਗੁਰੂ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ 'ਚ ਪਲੇ ਵਧੇ। ਕਾਂਗਰਸ ਨੇ ਬਿਹਾਰ 'ਚ ਚੋਣ ਪ੍ਰਚਾਰ ਲਈ ਜਾਰੀ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਵੀ ਉਨ੍ਹਾਂ ਨੂੰ ਜਗ੍ਹਾ ਦਿੱਤੀ। ਚਰਚਾ ਹੈ ਕਿ ਉਹ ਆਪਣੀ ਮੌਜੂਦਾ ਸੀਟ ਬਿਹਾਰ ਦੇ ਪਟਨਾ ਸਾਹਿਬ ਤੋਂ ਕਾਂਗਰਸ ਦੇ ਟਿਕਟ 'ਤੇ ਚੋਣਾਂ ਲੜਨਗੇ।
2 ਵਾਰ ਭਾਜਪਾ ਦੇ ਟਿਕਟ 'ਤੇ ਜਿੱਤੇ
ਸ਼ਤਰੂਘਨ 28 ਮਾਰਚ ਨੂੰ ਹੀ ਕਾਂਗਰਸ 'ਚ ਸ਼ਾਮਲ ਹੋਣ ਵਾਲੇ ਸਨ ਪਰ ਬਿਹਾਰ 'ਚ ਮਹਾਗਠਜੋੜ 'ਚ ਸੀਟਾਂ ਨੂੰ ਲੈ ਕੇ ਫਸੇ ਪੇਚ ਦਰਮਿਆਨ ਮਾਮਲਾ ਅਟਕ ਗਿਆ। ਸਿਨਹਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਦੱਸਿਆ ਸੀ ਕਿ ਉਹ 6 ਅਪ੍ਰੈਲ ਨੂੰ ਕਾਂਗਰਸ 'ਚ ਸ਼ਾਮਲ ਹੋਣਗੇ। ਸਿਨਹਾ ਨੇ ਕਿਹਾ ਸੀ ਕਿ ਜਲਦ ਹੀ ਕਾਂਗਰਸ 'ਚ ਸ਼ਾਮਲ ਹੋਣ ਜਾ ਰਿਹਾ ਹਾਂ, ਨੌਰਾਤੇ ਤੋਂ ਬਾਅਦ ਚੰਗੀ ਖਬਰ ਮਿਲੇਗੀ। ਕਾਂਗਰਸ ਉਨ੍ਹਾਂ ਨੂੰ ਪਟਨਾ ਸਾਹਿਬ ਸੀਟ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ। ਇਸ ਸੀਟ ਤੋਂ ਉਹ ਲਗਾਤਾਰ 2 ਵਾਰ ਭਾਜਪਾ ਦੇ ਟਿਕਟ 'ਤੇ ਜਿੱਤ ਚੁਕੇ ਹਨ। ਭਾਜਪਾ ਨੇ ਇਸ ਵਾਰ ਉਨ੍ਹਾਂ ਦਾ ਟਿਕਟ ਕੱਟ ਕੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਪਟਨਾ ਸਾਹਿਬ ਤੋਂ ਟਿਕਟ ਦਿੱਤਾ ਹੈ। ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਕਾਂਗਰਸ ਨੇ ਬਿਹਾਰ 'ਚ ਚੋਣ ਪ੍ਰਚਾਰ ਲਈ ਜਾਰੀ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਉਨ੍ਹਾਂ ਨੂੰ ਜਗ੍ਹਾ ਦਿੱਤੀ ਹੈ।
 

1984 'ਚ ਸ਼ੁਰੂ ਕੀਤਾ ਸਿਆਸੀ ਸਫ਼ਰ
ਸ਼ਤਰੂਘਨ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ 1984 'ਚ ਹੋਈ, ਜਦੋਂ ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦਾ ਹੱਥ ਫੜਿਆ। ਪਾਰਟੀ ਨੇ ਉਨ੍ਹਾਂ ਦੇ ਵਿਅਕਤੀਤੱਵ ਅਤੇ ਦਮਦਾਰ ਆਵਾਜ਼  ਕਾਰਨ ਸਟਾਰ ਪ੍ਰਚਾਰਕ ਬਣਾਇਆ। 1996 ਅਤੇ 2002 'ਚ ਐੱਨ.ਡੀ.ਏ. ਵਲੋਂ ਉਹ ਰਾਜ ਸਭਾ ਸੰਸਦ ਮੈਂਬਰ ਚੁਣੇ ਗਏ। 2003-04 'ਚ ਕੈਬਨਿਟ ਮੰਤਰੀ ਬਣੇ। ਉਸ ਤੋਂ ਬਾਅਦ 2009 ਅਤੇ 2014 'ਚ ਬਿਹਾਰ ਦੀ ਪਟਨਾ ਸਾਹਿਬ ਸੀਟ ਤੋਂ ਉਹ ਸੰਸਦ ਮੈਂਬਰ ਚੁਣੇ ਗਏ। ਲਾਲਕ੍ਰਿਸ਼ਨ ਅਡਵਾਨੀ ਉਨ੍ਹਾਂ ਨੂੰ ਰਾਜਨੀਤੀ 'ਚ ਲੈ ਕੇ ਆਏ ਸਨ। ਅੱਜ ਜਦੋਂ ਟਿਕਟ ਕੱਟਣ ਨਾਲ ਅਡਵਾਨੀ ਯੁੱਗ ਦੀ ਸਮਾਪਤੀ ਦਾ ਸੰਕੇਤ ਦਿੱਤਾ ਜਾ ਰਿਹਾ ਹੈ ਤਾਂ ਪਾਰਟੀ 'ਚ ਸ਼ਤਰੂਘਨ ਦੀ ਵੀ ਸਿਆਸੀ ਪਾਰੀ ਖਤਮ ਹੋ ਗਈ। ਕਾਂਗਰਸ 'ਚ ਉਨ੍ਹਾਂ ਦੀ ਰਾਜਨੀਤੀ ਦੀ ਦੂਜੀ ਪਾਰੀ ਸ਼ੁਰੂ ਹੋ ਰਹੀ ਹੈ।

DIsha

This news is Content Editor DIsha