ਕਰਨਾਟਕ : ਕਾਂਗਰਸ ਪ੍ਰਧਾਨ ਦੇ ਪੁੱਤ ਪ੍ਰਿਯਾਂਕ ਖੜਗੇ ਨੇ ਚਿੱਤਪੁਰ ਸੀਟ ਤੋਂ ਜਿੱਤੀ ਚੋਣ

05/13/2023 5:30:13 PM

ਕਲਾਬੁਰਗੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਪੁੱਤ ਪ੍ਰਿਯਾਂਕ ਖੜਗੇ ਨੇ ਸ਼ਨੀਵਾਰ ਨੂੰ ਕਰਨਾਟਕ ਦੀ ਚਿੱਤਪੁਰ ਸੀਟ ਤੋਂ 13,638 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ। ਪ੍ਰਿਯਾਂਕ ਇਸ ਸੀਟ ਤੋਂ ਲਗਾਤਾਰ ਤੀਜੀ ਵਾਰ ਚੁਣੇ ਗਏ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ ਪ੍ਰਿਯਾਂਕ ਖੜਗੇ ਨੂੰ 81,088 ਵੋਟ ਮਿਲੇ, ਜੋਂ ਕਿ ਉਨ੍ਹਾਂ ਦੇ ਨਜ਼ਦੀਕੀ ਮੁਕਾਬਲੇਬਾਜ਼ ਭਾਜਪਾ ਦੇ ਮਣੀਕਾਂਤ ਰਾਠੌੜ ਨੂੰ 67,450 ਵੋਟ ਮਿਲੇ। ਆਮ ਆਦਮੀ ਪਾਟੀ ਦੇ ਉਮੀਦਵਾਰ ਜਗਦੀਸ਼ ਐੱਸ. ਸਾਗਰ 962 ਵੋਟਾਂ ਨਾਲ ਤੀਜੇ 'ਤੇ ਰਹੇ। ਪ੍ਰਿਯਾਂਕ ਖੜਗੇ ਨੇ ਇਸ ਵਾਰ 2018 ਦੀਆਂ ਵਿਧਾਨ ਸਭਾ ਚੋਣਾਂ ਦੀ ਤੁਲਨਾ 'ਚ ਆਪਣੇ ਜਿੱਤ ਦੇ ਅੰਤਰ ਨੂੰ ਬਿਹਤਰ ਕੀਤਾ ਹੈ। ਪਿਛਲੀਆਂ ਚੋਣਾਂ 'ਚ ਉਨ੍ਹਾਂ ਨੇ ਭਾਜਪਾ ਦੇ ਵੀ. ਨਾਈਕ ਨੂੰ 4,393 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ।

ਇਹ ਵੀ ਪੜ੍ਹੋ : ਕਰਨਾਟਕ 'ਚ ਲੋਕਾਂ ਨੇ ਕਾਂਗਰਸ ਦੀਆਂ 5 ਗਾਰੰਟੀਆਂ ਦੇ ਪੱਖ 'ਚ ਕੀਤਾ ਵੋਟ : ਖੜਗੇ

ਦੱਸਣਯੋਗ ਹੈ ਕਿ ਸਾਲ 2018 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ 104 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਕਾਂਗਰਸ ਨੂੰ 80 ਅਤੇ ਜਨਤਾ ਦਲ-ਸੈਕੂਲਰ ਨੂੰ 37 ਸੀਟਾਂ ਮਿਲੀਆਂ ਹਨ। ਕਾਂਗਰਸ ਨੂੰ 38.04 ਫੀਸਦੀ ਵੋਟਾਂ ਮਿਲੀਆਂ, ਜਦਕਿ ਭਾਜਪਾ ਨੂੰ 36.22 ਫੀਸਦੀ ਵੋਟਾਂ ਮਿਲੀਆਂ। ਜਨਤਾ ਦਲ ਸੈਕੂਲਰ ਨੂੰ 18.36 ਫੀਸਦੀ ਵੋਟਾਂ ਮਿਲੀਆਂ। ਭਾਜਪਾ ਦੇ ਸਭ ਤੋਂ ਵੱਧ ਸੀਟਾਂ ਜਿੱਤਣ ਤੋਂ ਬਾਅਦ ਪਾਰਟੀ ਦੇ ਨੇਤਾ ਬੀ.ਐੱਸ ਯੇਦੀਯੁਰੱਪਾ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਪਰ ਭਰੋਸੇ ਦਾ ਵੋਟ ਜਿੱਤਣ ਤੋਂ ਪਹਿਲਾਂ ਹੀ ਸਰਕਾਰ ਤਿੰਨ ਦਿਨਾਂ ਦੇ ਅੰਦਰ ਹੀ ਡਿੱਗ ਗਈ। ਸਰਕਾਰ ਬਣਾਉਣ ਦੇ ਬਾਵਜੂਦ ਭਾਜਪਾ ਬਹੁਮਤ ਦਾ ਅੰਕੜਾ ਹਾਸਲ ਨਹੀਂ ਕਰ ਸਕੀ। ਇਸ ਤੋਂ ਬਾਅਦ ਕਰਨਾਟਕ ਵਿਚ ਕਾਂਗਰਸ-ਜਨਤਾ ਦਲ ਸੈਕੂਲਰ ਨੇ ਮਿਲ ਕੇ ਸਰਕਾਰ ਬਣਾਈ ਅਤੇ ਸ੍ਰੀ ਕੁਮਾਰਸਵਾਮੀ ਸੂਬੇ ਦੇ ਮੁੱਖ ਮੰਤਰੀ ਬਣੇ। ਹਾਲਾਂਕਿ 14 ਮਹੀਨਿਆਂ ਦੇ ਅੰਦਰ ਇਹ ਸਰਕਾਰ ਵੀ ਡਿੱਗ ਗਈ ਕਿਉਂਕਿ ਕਾਂਗਰਸ ਅਤੇ ਜਨਤਾ ਦਲ ਸੈਕੂਲਰ ਦੇ 17 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਅਤੇ ਸਾਰੇ ਭਾਜਪਾ 'ਚ ਸ਼ਾਮਲ ਹੋ ਗਏ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha