ਔਰਤਾਂ ਨੂੰ ਜਾਤੀ ਦੇ ਆਧਾਰ ’ਤੇ ਵੰਡਣ ਦੀਆਂ ਚਾਲਾਂ ਚੱਲ ਰਹੀ ਹੈ ਕਾਂਗਰਸ : ਮੋਦੀ

10/01/2023 1:39:36 PM

ਬਿਲਾਸਪੁਰ, (ਯੂ. ਐੱਨ. ਆਈ.)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਰਾਖਵਾਂਕਰਨ ’ਚ ਹੋਰ ਪਿਛੜਾ ਵਰਗ (ਓ. ਬੀ. ਸੀ.) ਦੀਆਂ ਔਰਤਾਂ ਲਈ ਰਾਖਵੇਂਕਰਨ ਦੀ ਮੰਗ ਕਰ ਰਹੀ ਕਾਂਗਰਸ ’ਤੇ ਸ਼ਨੀਵਾਰ ਨੂੰ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਕਾਂਗਰਸ ਔਰਤਾਂ ਨੂੰ ਜਾਤੀ ਦੇ ਆਧਾਰ ’ਤੇ ਵੰਡਣ ਦੀਆਂ ਨਵੀਆਂ ਚਾਲਾਂ ਚੱਲ ਰਹੀ ਹੈ।

ਛੱਤੀਸਗੜ੍ਹ ਦੇ ਬਿਲਾਸਪੁਰ ਸ਼ਹਿਰ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ‘ਮਹਾਸੰਕਲਪ ਪਰਿਵਰਤਨ ਰੈਲੀ’ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇ ਪਾਰਟੀ ਸੂਬੇ ਦੀ ਸੱਤਾ ’ਚ ਆਈ ਤਾਂ ਉਨ੍ਹਾਂ ਦੇ ਮੰਤਰੀ ਮੰਡਲ ਦਾ ਪਹਿਲਾ ਫੈਸਲਾ ਮਕਾਨ ਅਲਾਟਮੈਂਟ ਦੀ ਪ੍ਰਕਿਰਿਆ ’ਚ ਤੇਜੀ ਲਿਆ ਕੇ ਹਰ ਗਰੀਬ ਨੂੰ ਪੱਕਾ ਘਰ ਮੁਹੱਈਆ ਕਰਾਉਣਾ ਹੋਵੇਗਾ।

ਛੱਤੀਸਗੜ੍ਹ ’ਚ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਸੂਬੇ ’ਚ ਕਾਂਗਰਸ ਸੱਤਾ ’ਚ ਹੈ। ਸੂਬਾ ਵਿਧਾਨ ਸਭਾ ਦੀਆਂ 90 ’ਚੋਂ 71 ਸੀਟਾਂ ’ਤੇ ਕਾਂਗਰਸ ਦੇ ਵਿਧਾਇਕ ਚੁਣੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,‘ਮੋਦੀ ਨੇ ਤੁਹਾਨੂੰ ਦਿੱਤੀ ਗਈ ਗਾਰੰਟੀ ਪੂਰੀ ਕਰ ਦਿੱਤੀ ਹੈ। ਇਸ ਨਾਲ ਲੋਕ ਸਭਾ, ਵਿਧਾਨ ਸਭਾ ’ਚ ਭੈਣਾਂ ਲਈ 33 ਫੀਸਦੀ ਸੀਟਾਂ ਰਾਖਵੀਆਂ ਹੋ ਜਾਣਗੀਆਂ। ਭਾਜਪਾ ਸਰਕਾਰ ’ਚ ਨਾਰੀ ਸ਼ਕਤੀ ਵੰਦਨ ਕਾਨੂੰਨ ਹੁਣ ਸੱਚਾਈ ਬਣ ਚੁੱਕਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨੇ ਇਸ ’ਤੇ ਹਸਤਾਖਰ ਕਰ ਦਿੱਤੇ ਹਨ। ਹੁਣ ਇਹ ਇਕ ਕਾਨੂੰਨ ਬਣ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਮੋਦੀ ਜੋ ਗਾਰੰਟੀ ਦਿੰਦਾ ਹੈ, ਉਹ ਪੂਰੀ ਕਰਦਾ ਹੈ ਪਰ ਤੁਹਾਨੂੰ ਖਾਸ ਤੌਰ ’ਤੇ ਮਾਵਾਂ-ਭੈਣਾਂ ਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ। ਇਹ 30 ਸਾਲਾਂ ਤੋਂ ਲਟਕਿਆ ਹੋਇਆ ਸੀ। ਸਰਕਾਰਾਂ ਆਈਆਂ ਅਤੇ ਗਈਆਂ, ਨਾਟਕ ਕਰਦੇ ਰਹੇ ਪਰ ਕੰਮ ਨਹੀਂ ਕੀਤਾ। ਕਾਂਗਰਸ ਅਤੇ ਇਸ ਦੇ ਹੰਕਾਰੀ ਸਾਥੀਆਂ ਨੂੰ ਲੱਗ ਰਿਹਾ ਹੈ ਕਿ ਮੋਦੀ ਨੇ ਕੀ ਕਰ ਦਿੱਤਾ। ਉਹ ਗੁੱਸੇ ਨਾਲ ਭਰੇ ਹੋਏ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਾਰੀਆਂ ਮਾਵਾਂ-ਭੈਣਾਂ ਮੋਦੀ ਨੂੰ ਹੀ ਆਸ਼ੀਰਵਾਦ ਦੇਣਗੀਆਂ। ਉਨ੍ਹਾਂ ਦੀ ਨੀਂਦ ਹਰਾਮ ਹੋ ਗਈ ਹੈ, ਇਸ ਲਈ ਡਰ ਦੇ ਕਾਰਨ ਨਵੀਆਂ ਖੇਡਾਂ ਖੇਡ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਸੰਸਦ ’ਚ ਸਮਰਥਨ ਕਿਉਂ ਦੇਣਾ ਪਿਆ ਕਿਉਂਕਿ ਮਾਤਾਓ-ਭੈਣੋਂ ਤੁਹਾਡੀ ਜਾਗਰੂਕਤਾ ਦੇ ਕਾਰਨ ਅਜਿਹਾ ਹੋਇਆ। ਹੁਣ ਉਨ੍ਹਾਂ ਨੇ ਨਵੀਂ ਖੇਡ ਸ਼ੁਰੂ ਕਰ ਦਿੱਤੀ ਹੈ, ਹੁਣ ਉਹ ਭੈਣਾਂ ’ਚ ਫੁੱਟ ਪਾਉਣਾ ਚਾਹੁੰਦੇ ਹਨ। ਭੈਣਾਂ ਇਕਜੁੱਟ ਹੋ ਗਈਆਂ ਹਨ। ਉਹ ਚਾਹੁੰਦੇ ਹਨ ਕਿ ਮਾਵਾਂ-ਭੈਣਾਂ ਇਕਜੁੱਟ ਨਾ ਹੋਣ। ਜਾਤੀਵਾਦ ’ਚ ਉਨ੍ਹਾਂ ਨੂੰ ਤੋੜਿਆ ਜਾਵੇ, ਇਸ ਲਈ ਤਰ੍ਹਾਂ-ਤਰ੍ਹਾਂ ਦੇ ਤਰਕ ਦੇ ਕੇ ਵੰਡ ਦਿੱਤਾ ਜਾਵੇ, ਝੂਠ ਫੈਲਾਅ ਦਿੱਤਾ ਜਾਵੇ। ਮੈਂ ਛੱਤੀਸਗੜ੍ਹ ਦੀਆਂ ਮਾਵਾਂ-ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਸਾਧਵਾਨ ਰਹਿਣ।

ਉਨ੍ਹਾਂ ਨੇ ਮਹਿਲਾ ਰਾਖਵਾਂਕਰਨ ਨੂੰ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਅਸਰ ਪਾਉਣ ਕਰਨ ਵਾਲਾ ਫੈਸਲਾ ਦੱਸਿਆ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ’ਚ ਮਾਵਾਂ-ਭੈਣਾਂ ਨੂੰ ਸ਼ਕਤੀ ਦੇਣ ਵਾਲਾ ਕੰਮ ਹੋਇਆ ਹੈ। ਤੁਹਾਡੀ ਬੇਟੀ ਦਾ ਭਵਿੱਖ ਉੱਜਵਲ ਬਣਾਉਣ ਦਾ ਕੰਮ ਹੋਇਆ ਹੈ। ਕ੍ਰਿਪਾ ਕਰ ਕੇ ਮੇਰੀਆਂ ਮਾਵਾਂ-ਭੈਣਾਂ ਝੂਠ ਬੋਲਣ ਵਾਲਿਆਂ ਦੇ ਝੂਠ ’ਚ ਨਾ ਫੱਸ ਜਾਣ। ਤੁਹਾਨੂੰ ਤੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਡੇ ’ਚ ਏਕਤਾ ਬਣੀ ਰਹਿਣੀ ਚਾਹੀਦੀ ਹੈ। ਤੁਹਾਡਾ ਆਸ਼ੀਰਵਾਦ ਬਣਿਆ ਰਹਿਣਾ ਚਾਹੀਦਾ, ਜਿਸ ਨਾਲ ਮੋਦੀ ਸਾਰਿਆਂ ਦੇ ਸੁਪਨੇ ਪੂਰਾ ਕਰਦਾ ਰਹੇ।

Rakesh

This news is Content Editor Rakesh