ਹਰਸਿਮਰਤ ਬਾਦਲ ਦੇ ਅਸਤੀਫੇ ਨੂੰ ਕਾਂਗਰਸ ਨੇ ਦੱਸਿਆ ‘ਡਰਾਮਾ’

09/18/2020 1:27:47 AM

ਨਵੀਂ ਦਿੱਲੀ - ਕਾਂਗਰਸ ਨੇ ਖੇਤੀਬਾੜੀ ਸਬੰਧੀ ਬਿੱਲਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਨੂੰ ‘ਡਰਾਮਾ ਕਰਾਰ ਦਿੰਦੇ ਹੋਏ ਵੀਰਵਾਰ ਨੂੰ ਸਵਾਲ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੋਦੀ ਸਰਕਾਰ ਤੋਂ ਸਮਰਥਨ ਵਾਪਸ ਕਿਉਂ ਨਹੀਂ ਲਿਆ। ਪਾਰਟੀ ਜਨਰਲ ਸਕੱਤਰ ਅਤੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ (ਜਜਪਾ) ਦੇ ਨੇਤਾ ਦੁਸ਼ਯੰਤ ਚੌਟਾਲਾ ਨੂੰ ਵੀ ਘੱਟ ਤੋਂ ਘੱਟ ਮਨੋਹਰ ਲਾਲ ਖੱਟਰ ਸਰਕਾਰ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

ਸੁਰਜੇਵਾਲਾ ਨੇ ਟਵੀਟ ਕੀਤਾ, ‘‘ਅਕਾਲੀ ਦਲ ਨੂੰ ਝੂਠੇ ਦਿਖਾਵੇ ਤੋਂ ਅੱਗੇ ਵੱਧ ਕੇ ਸੱਚ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਜਦੋਂ ਕਿਸਾਨ ਵਿਰੋਧੀ ਆਰਡੀਨੈਂਸ ਮੰਤਰੀ ਮੰਡਲ 'ਚ ਪਾਸ ਹੋਏ ਤਾਂ ਹਰਸਿਮਰਤ ਜੀ ਨੇ ਵਿਰੋਧ ਕਿਉਂ ਨਹੀ ਕੀਤਾ? ਤੁਸੀਂ ਲੋਕਸਭਾ ਤੋਂ ਅਸਤੀਫਾ ਕਿਉਂ ਨਹੀ ਦਿੰਦੇ? ਅਕਾਲੀ ਦਲ ਮੋਦੀ ਸਰਕਾਰ ਤੋਂ ਸਮਰਥਨ ਵਾਪਸ ਕਿਉਂ ਨਹੀ ਲੈਂਦਾ? ਪ੍ਰਪੰਚ ਨਹੀ, ਕਿਸਾਨ ਦਾ ਪੱਖ ਲਵੇ।''

ਉਨ੍ਹਾਂ ਨੇ ਦੁਸ਼ਯੰਤ ਚੌਟਾਲਾ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਦੁਸ਼ਯੰਤ ਜੀ, ਹਰਸਿਮਰਤ ਦੇ ਅਸਤੀਫੇ ਦੇ ਡਰਾਮੇ ਨੂੰ ਹੀ ਦੋਹਰਾ ਕੇ ਛੋਟੇ ਸੀ.ਐੱਮ. ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ। ਅਹੁਦਾ ਪਿਆਰਾ ਹੈ, ਕਿਸਾਨ ਪਿਆਰੇ ਕਿਉਂ ਨਹੀਂ? ਕੁੱਝ ਤਾਂ ਰਾਜ ਹੈ, ਕਿਸਾਨ ਮੁਆਫ ਨਹੀਂ ਕਰਨਗੇ। ਜਜਪਾ, ਸਰਕਾਰ ਦੀ ਨੌਕਰ ਬਣ ਕਿਸਾਨ ਦੀ ਖੇਤੀ-ਰੋਟੀ ਖੋਹਣ ਦੇ ਅਪਰਾਧ ਦੀ ਭਾਗੀਦਾਰ ਹੈ। ਜ਼ਿਕਰਯੋਗ ਹੈ ਕਿ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਸਦ 'ਚ ਪੇਸ਼ ਕੀਤੇ ਗਏ ਖੇਤੀਬਾੜੀ ਨਲਾ ਸਬੰਧਿਤ ਦੋ ਬਿੱਲਾਂ ਦੇ ਵਿਰੋਧ 'ਚ ਵੀਰਵਾਰ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ।

Inder Prajapati

This news is Content Editor Inder Prajapati