ਪੀ.ਐੱਨ.ਬੀ. ਘੁਟਾਲਾ: ਕਾਂਗਰਸ ਨੇ ਮੋਦੀ, ਭਾਜਪਾ ਨੇ ਰਾਹੁਲ-ਸਿੰਘਵੀ ਨੂੰ ਘੇਰਿਆ

02/17/2018 4:31:25 PM

ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ 'ਚ 11,300 ਕਰੋੜ ਰੁਪਏ ਦੇ ਘੁਟਾਲੇ 'ਤੇ ਸਿਆਸੀ ਸੰਗ੍ਰਾਮ ਜਾਰੀ ਹੈ। ਸ਼ਨੀਵਾਰ ਨੂੰ ਕਾਂਗਰਸ ਅਤੇ ਭਾਜਪਾ ਨੇ ਇਕ ਵਾਰ ਫਿਰ ਇਸ ਘੁਟਾਲੇ ਨੂੰ ਲੈ ਕੇ ਇਕ-ਦੂਜੇ 'ਤੇ ਤਿੱਖੇ ਹਮਲੇ ਬੋਲੇ। ਭਾਜਪਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੀਨੀਅਰ ਕਾਂਗਰਸ ਨੇਤਾ ਅਭਿਸ਼ੇਕ ਮਨੂੰ ਸਿੰਘਵੀ ਨੂੰ ਇਸ ਘੁਟਾਲੇ 'ਚ ਲਪੇਟਿਆ ਤਾਂ ਉੱਥੇ ਹੀ ਕਾਂਗਰਸ ਨੇ ਸਿੱਧੇ ਪੀ.ਐੱਮ. ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਨਿਸ਼ਾਨੇ 'ਤੇ ਲਿਆ। ਸ਼ਨੀਵਾਰ ਨੂੰ ਪਹਿਲਾਂ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਹਮਲੇ ਦੀ ਸ਼ੁਰੂਆਤ ਕੀਤੀ। ਸਿੱਬਲ ਨੇ ਕਿਹਾ ਕਿ ਪੀ.ਐੱਮ. ਅਤੇ ਵਿੱਤ ਮੰਤਰੀ ਦੀ ਜਾਣਕਾਰੀ ਦੇ ਬਿਨਾਂ ਇੰਨਾ ਵੱਡਾ ਘੁਟਾਲਾ ਨਹੀਂ ਹੋ ਸਕਦਾ ਹੈ। ਉੱਥੇ ਹੀ ਇਸ ਤੋਂ ਬਾਅਦ ਕੇਂਦਰੀ ਰੱਖਿਆ ਮੰਤਰੀ ਸੀਤਾਰਮਨ ਨੇ ਜਵਾਬੀ ਪ੍ਰੈੱਸ ਕਾਨਫਰੰਸ 'ਚ ਕਾਂਗਰਸ ਦੇ ਵੱਡੇ ਨੇਤਾਵਾਂ 'ਤੇ ਇਸ ਘੁਟਾਲੇ 'ਚ ਸ਼ਾਮਲ ਹੋਣ ਦਾ ਵੱਡਾ ਦੋਸ਼ ਲਗਾਇਆ।
ਸੀਤਾਰਮਣ ਨੇ ਕਿਹਾ ਕਿ ਕਾਂਗਰਸ ਦੀ ਇਹੀ ਰਣਨੀਤੀ ਹੈ। ਯੂ.ਪੀ.ਏ. ਨੇ ਇਸ ਘੁਟਾਲੇ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ 2013 'ਚ ਇਸ ਘੁਟਾਲੇ ਦੇ ਖਿਲਾਫ ਉੱਠੀ ਆਵਾਜ਼ ਨੂੰ ਵਿੱਤ ਮੰਤਰਾਲੇ ਵੱਲੋਂ ਦੱਬਾ ਦਿੱਤਾ ਗਿਆ। ਰਾਹੁਲ ਗਾਂਧੀ ਇਸ ਜਿਊਲਰੀ ਗਰੁੱਪ ਦੇ ਪ੍ਰਮੋਸ਼ਨ ਇਵੈਂਟ 'ਚ ਸ਼ਾਮਲ ਹੋਏ ਸਨ। ਨੀਰਵ ਮੋਦੀ ਨੇ ਕਾਂਗਰਸ ਨੇਤਾ ਅਭਿਸ਼ੇਕ ਮਨੂੰ ਸਿੰਘਵੀ ਨੂੰ ਫਾਇਦਾ ਪਹੁੰਚਾਇਆ। ਉਨ੍ਹਾਂ ਨੇ ਕਿਹਾ,''ਫਾਇਰ ਸਟਾਰ ਡਾਇਮੰਡ ਇੰਟਰਨੈਸ਼ਨਲ ਪ੍ਰਾ. ਲਿਮਟਿਡ ਨੀਰਵ ਮੋਦੀ ਦੀ ਕੰਪਨੀ ਹੈ। ਉਨ੍ਹਾਂ ਨੇ ਇਸ ਨੂੰ ਅਦਵੈਤ ਹੋਲਡਿੰਗ ਤੋਂ ਖਰੀਦਿਆ ਸੀ। ਅਦਵੈਤ ਹੋਲਡਿੰਗ 'ਚ 2002 ਤੋਂ ਕਾਂਗਰਸ ਨੇਤਾ ਅਭਿਸ਼ੇਕ ਮਨੂੰ ਸਿੰਘਵੀ ਦੀ ਪਤਨੀ ਅਨਿਤਾ ਸਿੰਘਵੀ ਸ਼ੇਅਰਹੋਲਡਰ ਸੀ।'' ਉਨ੍ਹਾਂ ਨੇ ਕਿਹਾ ਕਿ ਇਹ ਮੋਦੀ ਸਰਕਾਰ ਹੈ, ਜਿਸ ਨੇ ਇਸ ਘੁਟਾਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ। ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਸੀਤਾਰਮਣ ਨੇ ਕਿਹਾ,''ਕਾਂਗਰਸ ਨੇਤਾਵਾਂ ਨੇ ਗੀਤਾਂਜਲੀ ਕੰਪਨੀ ਨੂੰ ਪ੍ਰਮੋਟ ਕੀਤਾ, ਉਸ ਨੂੰ ਬਿਲਡਿੰਗ ਦਿੱਤੀ ਅਤੇ ਦੋਸ਼ ਸਾਡੇ ਉੱਪਰ ਪਾ ਦਿੱਤੇ। ਨੀਰਵ ਮੋਦੀ ਦੀ ਕੰਪਨੀ ਦੇ ਲੋਨ ਦੀਆਂ ਸ਼ਰਤਾਂ ਵੀ ਯੂ.ਪੀ.ਏ. ਸਰਕਾਰ ਨੇ ਸੌਖੀਆਂ ਬਣਾਈਆਂ।'' ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ।
ਚੌਕੀਦਾਰ ਸੌਂ ਰਿਹਾ ਅਤੇ ਚੋਰ ਦੌੜ ਗਿਆ- ਕਾਂਗਰਸ
ਇਸ ਤੋਂ ਪਹਿਲਾਂ ਭਾਜਪਾ 'ਤੇ ਹਮਲਾ ਕਰਦੇ ਹੋਏ ਸਿੱਬਲ ਨੇ ਕਿਹਾ,''ਸਾਡੇ ਦੇਸ਼ ਦੇ ਜੋ ਚੌਕੀਦਾਰ ਹਨ, ਉਹ ਪਕੌੜੇ ਬਣਾਉਣ ਦੀ ਸਲਾਹ ਦੇ ਰਹੇ ਹਨ। ਅੱਜ ਹਾਲਤ ਇਹ ਹਨ ਕਿ ਚੌਕੀਦਾਰ ਸੌਂ ਰਿਹਾ ਅਤੇ ਚੋਰ ਦੌੜ ਗਿਆ।'' ਸਿੱਬਲ ਨੇ ਪੀ.ਐੱਮ. ਨਰਿੰਦਰ ਮੋਦੀ 'ਤੇ ਹਮਲਾ ਕਰਦੇ ਹੋਏ ਕਿਹਾ,''ਪੀ.ਐੱਮ. ਮੋਦੀ ਆਪਣੇ ਨਾਲ ਆਫੀਸ਼ੀਅਲ ਦੌਰਿਆਂ 'ਤੇ ਟਰੈਵਲ ਕਰਨ ਵਾਲੇ ਲੋਕਾਂ ਦੇ ਨਾਂ ਦਾ ਖੁਲਾਸਾ ਕਿਉਂ ਨਹੀਂ ਕਰਦੇ ਹਨ? ਕੀ ਇਸੇ ਈਜ ਆਫ ਡੂਇੰਗ ਬਿਜ਼ਨੈੱਸ ਦੀ ਗੱਲ ਪੀ.ਐੱਮ. ਕਰਦੇ ਹਨ?'' ਜ਼ਿਕਰਯੋਗ ਹੈ ਕਿ ਦਾਵੋਸ 'ਚ ਪੀ.ਐੱਨ.ਬੀ. ਸਕੈਮ ਦੇ ਮੁੱਖ ਦੋਸ਼ੀ ਨੀਰਵ ਮੋਦੀ ਨਾਲ ਪੀ.ਐੱਮ. ਮੋਦੀ ਦੀ ਇਕ ਗਰੁੱਪ ਫੋਟੋ ਘੁਟਾਲੇ ਦੇ ਖੁਲਾਸੇ ਤੋਂ ਬਾਅਦ ਕਾਫੀ ਵਾਇਰ ਹੋ ਗਈ ਸੀ। ਕਾਂਗਰਸ ਨੇ ਇਸੇ ਫੋਟੋ ਦੇ ਆਧਾਰ 'ਤੇ ਭਾਜਪਾ 'ਤੇ ਹਮਲਾ ਬੋਲਿਆ ਹੈ। ਸਿੱਬਲ ਨੇ ਭਾਜਪਾ 'ਤੇ ਅਰਥਵਿਵਸਥਾ ਦੀ ਹਾਲਤ ਖਰਾਬ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ,''ਮੈਂ ਭਾਜਪਾ ਨੂੰ ਚੈਲੇਂਜ ਕਰਦਾ ਹਾਂ ਕਿ ਉਹ ਆਪਣੇ ਸ਼ਾਸਨ ਅਤੇ ਯੂ.ਪੀ.ਏ. ਦੇ ਸ਼ਾਸਨ 'ਤੇ ਆ ਕੇ ਸਾਡੇ ਨਾਲ ਬਹਿਸ ਕਰਨ। ਬੈਂਕਾਂ ਨੇ ਨਿਯਮਾਂ ਦੇ ਉਲਟ ਜਾ ਕੇ ਇੰਨੇ ਵੱਡੇ ਲੋਨ ਕਿਵੇਂ ਵੰਡ ਦਿੱਤੇ? ਲੋਨ ਡਿਫਾਲਟਰਜ਼ ਦੇ ਖਿਲਾਫ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ? ਜੇਕਰ ਭਾਰਤ ਦੀ ਅਰਥਵਿਵਸਥਾ 'ਤੇ ਇਸ ਘੁਟਾਲੇ ਦਾ ਬੁਰਾ ਅਸਰ ਪੈਂਦਾ ਹੈ ਤਾਂ ਨਿਵੇਸ਼ਕਾਂ ਦਾ ਭਰੋਸਾ ਟੁੱਟੇਗਾ।'' ਜ਼ਿਕਰਯੋਗ ਹੈ ਕਿ ਨੀਰਵ ਮੋਦੀ ਅਤੇ ਮੇਹੁਲ ਚੌਕਸੀ 'ਤੇ ਪੀ.ਐੱਨ.ਬੀ. ਤੋਂ 11,300 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਹੈ। ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਹੀ ਨੀਰਵ ਮੋਦੀ ਦੇਸ਼ ਛੱਡ ਚੁਕਿਆ ਹੈ ਅਤੇ ਉਸ ਦੇ ਨਿਊਯਾਰਕ 'ਚ ਹੋਣ ਦੀਆਂ ਖਬਰਾਂ ਆ ਰਹੀਆਂ ਹਨ।