ਮੈਗਾ PTM 'ਚ ਪਹੁੰਚੇ ਕੇਜਰੀਵਾਲ,ਬੋਲੇ- ਹੁਣ ਸਰਕਾਰੀ ਸਕੂਲਾਂ 'ਚ ਦਾਖਲੇ ਦੀ ਹੁੰਦੀ ਹੈ ਸਿਫਾਰਿਸ਼

01/05/2020 3:23:20 PM

ਨਵੀਂ ਦਿੱਲੀ—ਦਿੱਲੀ ਦੇ ਸਰਕਾਰੀ ਸਕੂਲਾਂ 'ਚ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਤਰੱਕੀ ਬਾਰੇ ਦੱਸਣ ਲਈ 'ਮੈਗਾ ਪੀ.ਟੀ.ਐੱਮ' (ਪੈਰੇਂਟਸ ਟੀਚਰ ਮੀਟ) ਦਾ ਆਯੋਜਨ ਕੀਤਾ ਗਿਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਊਜ਼ ਐਵੇਨਿਊ ਦੇ ਸਰਵੋਦਿਆ ਚਿਲਡਰਨ ਸਕੂਲ 'ਚ ਪੀ.ਟੀ.ਐੱਮ 'ਚ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ। ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਦੇ ਸਕੂਲਾਂ 'ਚ ਪੀ.ਟੀ.ਐੱਮ ਦੀਆਂ ਪ੍ਰਕਿਰਿਆਵਾਂ ਸਿਰਫ ਕਾਗਜ਼ 'ਤੇ ਸੀ। ਅਸੀਂ ਸਕੂਲਾਂ 'ਚ ਨਿਯਮਿਤ ਤੌਰ 'ਤੇ ਪੀ.ਟੀ.ਐੱਮ. ਬੁਲਾਉਣੀ ਸ਼ੁਰੂ ਕੀਤੀ ਹੈ, ਜਿਸ ਤੋਂ ਮਾਪੇ ਅਤੇ ਅਧਿਆਪਕ ਦੋਵੇ ਹੀ ਸਤੁੰਸ਼ਟ ਹਨ, ਕਿਉਂਕਿ ਉਨ੍ਹਾਂ ਨੂੰ ਬੱਚਿਆਂ ਦੀ ਤਰੱਕੀ ਅਤੇ ਵਿਕਾਸ ਬਾਰੇ ਚਰਚਾ ਕਰਨ ਦਾ ਮੌਕਾ ਮਿਲਦਾ ਹੈ।

ਇਸ ਤਰੀਕੇ ਨਾਲ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ 'ਚ ਕਾਫੀ ਦਿਲਚਸਪੀ ਲੈਂਦੇ ਹਨ। ਮੈਂ ਪਰਿਵਾਰਾਂ ਨਾਲ ਗੱਲ ਬਾਤ ਕਰਕੇ ਕਾਫੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਅਤੇ ਇਹ ਪੀ.ਟੀ.ਐੱਮ ਵਿਦਿਆਰਥੀਆਂ ਦੀਆਂ ਅੱਖਾਂ ਖੋਲ੍ਹਣ ਦਾ ਕੰਮ ਕਰਦੀ ਹੈ। ਮੈਗਾ ਪੀ.ਟੀ.ਐੱਮ ਨੂੰ ਰਾਜਨੀਤਿਕ ਹਥਕੰਡਾ ਦੱਸਣ ਵਾਲੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਦੋਸ਼ਾਂ 'ਤੇ ਕੇਜਰੀਵਾਲ ਨੇ ਕਿਹਾ ਹੈ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਰਾਜਨੀਤਿਕ ਚਾਲ ਕਿਵੇ ਹੋ ਸਕਦੀ ਹੈ। ਅਸੀਂ ਪਿਛਲੇ 2-3 ਸਾਲਾਂ ਦੌਰਾਨ ਲਗਾਤਾਰ ਪੀ.ਟੀ.ਐੱਮ ਦਾ ਆਯੋਜਨ ਕਰ ਰਹੇ ਹਾਂ। ਉਹ ਇਸ ਪੀ.ਟੀ.ਐੱਮ ਨੂੰ ਖਤਮ ਕਰਵਾਉਣਾ ਚਾਹੁੰਦੇ ਹਨ ਪਰ ਮੇਰਾ ਵਿਚਾਰ ਹੈ ਕਿ ਸਕੂਲਾਂ ਅਤੇ ਸਿੱਖਿਆ 'ਤੇ ਰਾਜਨੀਤੀ ਕਰਨਾ ਤਰਕਸ਼ੀਲ ਨਹੀਂ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਤੋਂ ਸੰਕੋਚ ਕਰਦੇ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਮਾਪੇ ਆਪਣੇ ਬੱਚਿਆਂ ਦੀ ਸਿਫਾਰਿਸ਼ ਰਾਹੀਂ ਪ੍ਰਾਈਵੇਟ ਸਕੂਲਾਂ 'ਚ ਦਾਖਲਾ ਕਰਵਾਉਂਦੇ ਸੀ ਪਰ ਹੁਣ ਉਹ ਸਿਫਾਰਿਸ਼ ਰਾਹੀਂ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ 'ਚ ਕਰਵਾਉਂਦੇ ਹਨ। ਸਾਲ 2016 'ਚ ਸ਼ੁਰੂ ਕੀਤੇ ਗਏ ਮੈਗਾ ਪੀ.ਟੀ.ਐੱਮ ਦਾ ਉਦੇਸ਼ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਵਿਚਾਲੇ ਸੰਪਰਕ ਸਥਾਪਿਤ ਕਰਨਾ ਹੈ।

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਮੈਂ ਦੇਖਿਆ ਹੈ ਕਿ ਪੀ.ਟੀ.ਐੱਮ ਮਾਪਿਆਂ ਦੇ ਆਤਮ-ਵਿਸ਼ਵਾਸ਼ ਨੂੰ ਵੀ ਵਧਾਉਂਦਾ ਹੈ ਕਿਉਂਕਿ ਇਸ ਦੇ ਰਾਹੀਂ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਪ੍ਰਦਰਸ਼ਨ ਬਾਰੇ ਪਤਾ ਲੱਗਦਾ ਹੈ। ਉਹ ਜ਼ਿਆਦਾ ਮਦਦਗਾਰ ਬਣਦੇ ਹਨ। ਦੱਸ ਦੇਈਏ ਕਿ ਸਿਸੋਦੀਆ ਨੇ ਦੁਆਰਕਾ ਦੇ ਸਰਕਾਰੀ ਸਕੂਲ 'ਚ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ।

Iqbalkaur

This news is Content Editor Iqbalkaur