ਚੀਨ ਬਣਾ ਰਿਹੈ ਦਲਾਈਲਾਮਾ ਨੂੰ ਮਾਰਨ ਦੀ ਯੋਜਨਾ, ਵਧਾਈ ਗਈ ਸੁਰੱਖਿਆ

06/24/2018 10:05:18 AM

ਸ਼ਿਮਲਾ— ਤਾਜ਼ਾ ਖੁਫੀਆ ਇਨਪੁੱਟ ਦੇ ਆਧਾਰ 'ਤੇ ਤਿਬਤੀ ਬੋਧੀ ਧਰਮ ਗੁਰੂ ਦਲਾਈਲਾਮਾ ਦੀ ਸੁਰੱਖਿਆ 'ਚ ਵਿਆਪਕ ਪਰਿਵਰਤਨ ਦਾ ਫੈਸਲਾ ਕੀਤਾ ਗਿਆ ਹੈ | ਫਿਲਹਾਲ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਮੰਥਨ ਚਲ ਰਿਹਾ ਹੈ ਪਰ ਕੁਝ ਤਬਦੀਲੀ ਦੇ ਸੰਕੇਤ ਸਾਫ ਦਿਸਣ ਲੱਗੇ ਹਨ | 
ਭਾਵ ਤਿੱਬਤ ਤੋਂ ਨੇਪਾਲ ਦੇ ਰਸਤੇ ਭਾਰਤ ਆਉਣ ਵਾਲੇ ਤਿੱਬਤੀ ਬਿਨਾਂ ਅਧਿਕਾਰਤ ਦਸਤਾਵੇਜ਼ਾਂ ਦੇ ਤਿੱਬਤੀਆਂ ਦੇ ਅਧਿਆਤਮਕ ਆਗੂ ਦਲਾਈਲਾਮਾ ਨੂੰ ਨਹੀਂ ਮਿਲ ਸਕਣਗੇ | ਇਸ ਦੇ ਲਈ ਭਾਰਤ ਸਰਕਾਰ ਨੇ ਬਾਕਾਇਦਾ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ 'ਤੇ ਹਿਮਾਚਲ ਪੁਲਸ ਨੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ | ਤੁਹਾਨੂੰ ਦੱਸ ਦੇਈਏ ਕਿ ਦਲਾਈਲਾਮਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਰਹਿੰਦੇ ਹਨ ਅਤੇ ਭਾਰਤੀ ਵਿਦੇਸ਼ ਮੰਤਰਾਲਾ, ਗ੍ਰਹਿ ਮੰਤਰਾਲਾ ਉਨ੍ਹਾਂ ਦੀ ਸੁਰੱਖਿਆ ਨੂੰ ਮਾਨੀਟਰ ਕਰਦਾ ਹੈ | 
ਨਿਯਮਾਂ ਅਨੁਸਾਰ ਅਜੇ ਬੋਧੀ ਭਿਕਸ਼ੂਆਂ ਨੂੰ ਦਿੱਲੀ, ਧਰਮਸ਼ਾਲਾ ਜਾਂ ਕਾਠਮੰਡੂ 'ਚ ਤਿੱਬਤੀ ਰਿਸੈਪਸ਼ਨ ਸੈਂਟਰ 'ਚ ਸੂਚਿਤ ਕਰ ਕੇ ਰਜਿਸਟਰਡ ਕਰਨਾ ਜ਼ਰੂਰੀ ਹੁੰਦਾ ਹੈ ਪਰ ਪਛਾਣ ਉਜਾਗਰ ਹੋਣ ਦੇ ਡਰੋਂ ਉਹ ਰਜਿਸਟ੍ਰੇਸ਼ਨ ਨਹੀਂ ਕਰਵਾਉਂਦੇ ਅਤੇ ਤਦ ਭਾਰਤੀ ਸੁਰੱਖਿਆ ਏਜੰਸੀਆਂ ਸ਼ਸ਼ੋਪੰਜ 'ਚ ਪੈ ਜਾਂਦੀਆਂ ਹਨ | ਇਸ ਦਾ ਦਲਾਈਲਾਮਾ ਦੀ ਸੁਰੱਖਿਆ 'ਤੇ ਵੀ ਗੰਭੀਰ ਅਸਰ ਪੈ ਸਕਦਾ ਹੈ |  ਇਸੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਅਜਿਹੇ ਬੋਧੀ ਪੈਰੋਕਾਰਾਂ ਲਈ ਭਾਰਤ ਆਉਣ ਦੇ ਦਰਵਾਜ਼ੇ ਬੰਦ ਕਰਨ ਦਾ ਕਦਮ ਚੁੱਕਿਆ ਹੈ | ਜਾਣਕਾਰ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਰਕਾਰ ਨੂੰ ਇਕ ਖੁਫੀਆ ਜਾਣਕਾਰੀ ਮਿਲੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਦਲਾਈਲਾਮਾ ਨੂੰ ਮਾਰਨ ਲਈ ਚੀਨ ਬੋਧੀ ਭਿਕਸ਼ੂ ਦੇ ਰੂਪ ਵਿਚ ਆਤਮਘਾਤੀ ਭੇਜ ਸਕਦਾ ਹੈ | ਇਸੇ ਇਨਪੁੱਟ ਦੇ ਆਧਾਰ 'ਤੇ ਦਲਾਈਲਾਮਾ ਦੀ ਸੁਰੱਖਿਆ ਲਈ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ |