''ਚਮਕੀ ਬੁਖਾਰ'' ਨਾਲ 112 ਦੀ ਮੌਤ, ਪਰਿਵਾਰਾਂ ਦਾ ਦੋਸ਼- ਹਸਪਤਾਲਾਂ ''ਚ ਨਹੀਂ ਮਿਲ ਰਿਹਾ ORS

06/19/2019 2:45:57 PM

ਮੁਜ਼ੱਫਰਪੁਰ— ਬਿਹਾਰ ਦੇ ਮੁਜ਼ੱਫਰਪੁਰ ਅਤੇ ਆਲੇ-ਦੁਆਲੇ ਦੇ ਜ਼ਿਲਿਆਂ 'ਚ ਐਕਿਊਟ ਇੰਸੇਫਲਾਈਟਿਸ ਸਿੰਡਰੋਮ (ਏ. ਈ. ਐੱਸ.) ਯਾਨੀ ਕਿ ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਦਾ ਸਿਲਸਿਲਾ ਰੁੱਕਣ ਦਾ ਨਾਂ ਨਹੀਂ ਹੈ। ਹੁਣ ਤਕ 112 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਸਾਧਨਾਂ ਦੀ ਕਮੀ ਅਤੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਹਸਪਤਾਲ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਮੁਜ਼ੱਫਰਪੁਰ ਦੇ ਸ਼੍ਰੀਕ੍ਰਿਸ਼ਨਾ ਮੈਡੀਕਲ ਕਾਲਜ ਅਤੇ ਹਸਪਤਾਲ ਆ ਰਹੇ ਪਰਿਵਾਰਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਬੱਚਿਆਂ ਨੂੰ ਓ. ਆਰ. ਐੱਸ. ਦਾ ਘੋਲ ਵੀ ਨਹੀਂ ਮਿਲ ਰਿਹਾ।

ਬੁੱਧਵਾਰ ਨੂੰ ਸ਼੍ਰੀਕ੍ਰਿਸ਼ਨਾ ਮੈਡੀਕਲ ਕਾਲਜ ਪੁੱਜੀਆਂ ਬੱਚਿਆਂ ਦੀਆਂ ਮਾਂਵਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਬੁਖਾਰ ਨਾਲ ਤੜਫ  ਰਹੇ ਹਨ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਨਹੀਂ ਕੀਤਾ ਜਾ ਰਿਹਾ। ਸਾਡੇ ਬੱਚੇ 4-5 ਦਿਨਾਂ ਤੋਂ ਬੁਖਾਰ ਨਾਲ ਤਪ ਰਹੇ ਹਨ। ਹਸਪਤਾਲਾਂ 'ਚ ਪਰੇਸ਼ਾਨੀ ਨੂੰ ਬਿਆਨ ਕਰਦੇ ਹੋਏ ਮਰੀਜ਼ ਦੇ ਪਰਿਵਾਰ ਵਾਲੇ ਦੱਸਦੇ ਹਨ ਕਿ ਲਗਾਤਾਰ ਲਾਈਟ ਜਾਂਦੀ ਰਹਿੰਦੀ ਹੈ। ਇਸ ਲਈ ਕੋਈ ਬਦਲਵਾਂ ਇੰਤਜ਼ਾਮ ਨਹੀਂ ਹੈ। ਅਸੀਂ ਹੱਥਾਂ ਨਾਲ ਹੀ ਪੱਖਾ ਕਰਦੇ ਹਾਂ। ਗਰਮੀ ਦੇ ਵਜ੍ਹਾ ਕਰ ਕੇ ਬੱਚੇ ਰੋਣ ਲੱਗਦੇ ਹਨ। ਇਕ ਹੀ ਬੈਡ 'ਤੇ 3 ਤੋਂ 4 ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਥਾਂ ਨਾ ਹੋਣ ਕਾਰਨ ਜ਼ਮੀਨ 'ਤੇ ਲੇਟ ਕੇ ਗੁਜਾਰਾ ਕਰ ਰਹੇ ਹਾਂ। ਮਾਂਵਾਂ ਆਪਣੇ ਨੰਨ੍ਹੇ ਬੱਚਿਆਂ ਲਈ ਰੋ ਰਹੀਆਂ ਹਨ। ਥਾਂ-ਥਾਂ 'ਤੇ ਗੰਦਗੀ ਅਤੇ ਸਭ ਤੋਂ ਵੱਡੀ ਗੱਲ ਹੈ ਡਾਕਟਰਾਂ ਦੀ ਕਮੀ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਮਰਨ ਵਾਲਿਆਂ 'ਚ ਜਾਂ ਗੰਭੀਰ ਰੂਪ ਨਾਲ ਬੀਮਾਰ ਬੱਚਿਆਂ 'ਚ 80 ਫੀਸਦੀ ਬੱਚੀਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੁਜ਼ੱਫਰਪੁਰ ਦੇ ਜ਼ਿਲਾ ਹਸਪਤਾਲ ਦਾ ਦੌਰਾ ਕਰ ਚੁੱਕੇ ਹਨ।

Tanu

This news is Content Editor Tanu