ਬੱਚਾ ਚੋਰੀ ਦੀ ਅਫਵਾਹ ''ਚ ਲੋਕਾਂ ਨੇ ਕੁੱਟ-ਕੁੱਟ ਮਾਰਤਾ ਗੂਗਲ ਦਾ ਇੰਨਜੀਨੀਅਰ

07/16/2018 1:25:12 AM

ਬੈਂਗਲੁਰੂ— ਕਰਨਾਟਕ ਦੇ ਬੀਦਾਰ 'ਚ ਬੱਚਾ ਚੋਰੀ ਦੀ ਅਫ਼ਵਾਹ 'ਚ ਗੂਗਲ ਦਾ ਇੰਜੀਨੀਅਰ ਗੁੱਸਾਈ ਭੀੜ ਦਾ ਸ਼ਿਕਾਰ ਬਣ ਗਿਆ। ਅਫਵਾਹ ਕਾਰਨ ਇਕੱਠੀ ਹੋਈ ਭੀੜ ਨੇ ਇੰਜੀਨੀਅਰ ਨੂੰ ਬੁਰੀ ਤਰ੍ਹਾ ਨਾਲ ਕੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ 'ਚ ਤਿੰਨ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ 'ਚ ਕਤਰ ਦਾ ਇਕ ਨਾਗਰਿਕ ਵੀ ਸ਼ਾਮਲ ਹੈ।
ਪੁਲਸ ਨੇ ਦੱਸਿਆ ਕਿ ਹੈਦਰਾਬਾਦ ਦੇ ਮਲਕਪੇਟ ਦਾ ਰਹਿਣ ਵਾਲਾ ਮੁਹੰਮਦ ਆਜਮ ਅਹਿਮਦ ਗੂਗਲ 'ਚ ਸਾਫ਼ਟਵੇਅਰ ਇੰਜੀਨੀਅਰ ਸੀ। ਇਸ ਘਟਨਾ 'ਚ ਉਸ ਦੀ ਤੁਰੰਤ ਮੌਤ ਹੋ ਗਈ। ਜਦਕਿ ਉਸ ਦੇ ਨਾਲ ਮੌਜੂਦ ਕਤਰ ਦੇ ਨਾਗਰਿਕ ਸਲਹਾਮ ਕੁਬੈਸੀ (38 ਸਾਲ) ਨੂਰ ਮੁਹੰਮਦ ਅਤੇ ਮੁਹੰਮਦ ਸਲਮਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਹ ਦੋਵੇਂ ਹੈਦਰਾਬਾਦ ਦੇ ਬਰਕਸ ਦੇ ਰਹਿਣ ਵਾਲੇ ਹਨ। ਇਨ੍ਹਾਂ ਨੂੰ ਮੁਢਲੀ ਸਹਾਇਤਾ ਲਈ ਬਿਦਾਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਬਾਅਦ 'ਚ ਹੈਦਰਾਬਾਦ ਸ਼ਿਫ਼ਟ ਕਰ ਦਿੱਤਾ ਗਿਆ। ਕਤਰ ਦੇ ਨਾਗਰਿਕ ਸਲਹਾਮ ਦੀ ਪਤਨੀ ਨੇ ਦੱਸਿਆ ਕਿ ਇਹ ਲੋਕ ਸ਼ੁੱਕਰਵਾਰ ਦੀ ਸਵੇਰ ਹੈਦਰਾਬਾਦ ਦੇ ਬਿਦਾਰ ਗਏ ਸਨ। ਉੱਥੇ ਉਨ੍ਹਾਂ ਨੂੰ ਇਕ ਪ੍ਰੋਗਰਾਮ 'ਚ ਸ਼ਿਰਕਤ ਕਰਨੀ ਸੀ। ਪ੍ਰੋਗਰਾਮ ਤੋਂ ਬਾਅਦ ਉਹ ਇਕ ਜ਼ਮੀਨ ਦੇਖਣ ਜਾ ਰਹੇ ਸਨ, ਜਿਸ ਨੂੰ ਖਰੀਦਣ 'ਚ ਉਨ੍ਹਾਂ ਲੋਕਾਂ ਨੇ ਦਿਲਚਸਪੀ ਦਿਖਾਈ ਸੀ। ਜਦੋਂ ਸ਼ਾਮ ਸਾਢੇ ਚਾਰ ਵਜੇ ਉਹ ਲੋਕ ਔਰਾਦ ਦੇ ਮੁਰਕੀ ਪਿੰਡ 'ਚ ਇਕ ਸਕੂਲ ਦੇ ਨਜ਼ਦੀਕ ਚਾਹ ਪੀਣ ਲਈ ਰੁਕੇ ਤਾਂ ਉਨ੍ਹਾਂ ਨੇ ਦੇਖਿਆ ਕਿ ਬੱਚੇ ਸਕੂਲ ਤੋਂ ਘਰ ਜਾ ਰਹੇ ਸਨ। ਸਲਹਾਮ ਨੇ ਬੱਚਿਆਂ ਨੂੰ ਵਿਦੇਸ਼ੀ ਚਾਕਲੇਟਾਂ ਵੰਡੀਆਂ। ਇਸੇ ਦੌਰਾਨ ਕਿਸੇ ਨੇ ਅਫ਼ਵਾਹ ਫੈਲਾਅ ਦਿੱਤੀ ਕਿ ਕੁਝ ਲੋਕ ਬੱਚਾ ਚੋਰੀ ਕਰਨ ਦੀ ਫਿਰਾਕ 'ਚ ਚਾਕਲੇਟਾਂ ਵੰਡ ਰਹੇ ਹਨ। ਇਸ ਕਾਰਨ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਹ ਦੇਖ ਕੇ ਉਹ ਆਪਣੀ ਇਨੋਵਾ ਕਾਰ 'ਚ ਬੈਠ ਕੇ ਉਥੋਂ ਭੱਜ ਹੋ ਗਏ, ਪਰ ਇਸੇ ਦੌਰਾਨ ਕੁਝ ਲੋਕਾਂ ਨੇ ਚਾਕਲੇਟਾਂ ਵੰਡਦੇ ਸਮੇਂ ਉਨ੍ਹਾਂ ਦੀਆਂ ਤਸਵੀਰਾਂ ਲੈ ਲਈਆਂ ਸਨ ਅਤੇ ਉਨ੍ਹਾਂ ਨੂੰ ਵਟਸਐਪ 'ਤੇ ਵਾਇਰਲ ਕਰ ਦਿੱਤਾ।
ਔਰਾਦ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਿੱਥੇ ਘਟਨਾ ਵਾਪਰੀ ਹੈ, ਉਹ ਇਲਾਕਾ ਉਨ੍ਹਾਂ ਦੇ ਖੇਤਰ 'ਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ 'ਚ ਵਟਸਐਪ ਗਰੁੱਪ ਦੇ ਐਡਮਿਨਿਸਟਰੇਟਰ, ਜਿਸ ਨੇ ਇਹ ਮੈਸੇਜ ਅਤੇ ਫੋਟੋ ਵਾਇਰਲ ਕੀਤੀ ਕਿ ਚਾਰ ਲੋਕ ਬੱਚਾ ਚੋਰੀ ਕਰਨ ਆਏ ਹਨ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ 30 ਹੋਰ ਲੋਕ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਜਦੋਂ ਉਹ ਲੋਕ ਅਗਲੇ ਪਿੰਡ 'ਚ ਪੁੱਜੇ ਤਾਂ ਲੋਕਾਂ ਨੇ ਦਰੱਖਤ ਸੁੱਟ ਕੇ ਸੜਕ ਜਾਮ ਕਰ ਦਿੱਤੀ। ਇਹ ਦੇਖ ਕੇ ਕਾਰ ਚਲਾ ਰਹੇ ਆਜਮ ਨੇ ਰੁਕਣ ਦੀ ਬਜਾਏ ਕਾਰ ਨੂੰ ਤੇਜ਼ ਕਰ ਕੇ ਜੰਪ ਮਰਾਉਣ ਦਾ ਯਤਨ ਕੀਤਾ, ਪਰ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। ਇਸ ਤੋਂ ਬਾਅਦ ਭੀੜ ਨੇ ਇਨ੍ਹਾਂ 'ਤੇ ਹਮਲਾ ਬੋਲ ਦਿੱਤਾ। ਮਲਕਪੇਟ ਤੋਂ ਐਮ.ਆਈ.ਐਮ. ਵਿਧਾਇਕ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਆਜਮ ਅਹਿਮਦ ਦੀ ਮੌਤ ਹਾਦਸੇ 'ਚ ਹੋਈ ਹੈ ਜਾਂ ਭੀੜ ਦੀ ਕੁੱਟ ਕਾਰਨ। ਇਸ ਸਬੰਧੀ ਪੁਲਸ ਜਾਂਚ ਕਰ ਰਹੀ ਹੈ।