ਚੀਫ ਆਫ ਡਿਫੈਂਸ ਸਟਾਫ ਦੇ ਅਹੁਦੇ ਨੂੰ ਮੋਦੀ ਕੈਬਨਿਟ ਦੀ ਮਨਜ਼ੂਰੀ

12/24/2019 5:17:53 PM

ਨਵੀਂ ਦਿੱਲੀ— ਕੇਂਦਰੀ ਕੈਬਨਿਟ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਨੇ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਦਾ ਅਹੁਦਾ ਬਣਾਉਣ, ਉਸ ਦੀ ਭੂਮਿਕਾ, ਨਿਯਮਾਂ ਅਤੇ ਚਾਰਟਰ ਨੂੰ ਅੱਜ ਭਾਵ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਬੈਠਕ 'ਚ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੀ. ਡੀ. ਐੱਸ. 4 ਸਟਾਰ ਦੇ ਰੈਂਕ ਵਾਲਾ ਜਨਰਲ ਹੋਵੇਗਾ। ਸੀ. ਡੀ. ਐੱਸ. ਦੀ ਤਨਖਾਹ ਸੈਨਾਵਾਂ ਦੇ ਮੁਖੀਆਂ ਦੇ ਬਰਾਬਰ ਹੋਵੇਗੀ। ਉਹ ਰੱਖਿਆ ਮੰਤਰਾਲੇ ਤਹਿਤ ਬਣਾਏ ਜਾਣ ਵਾਲੇ ਫੌਜੀ ਮਾਮਲਿਆਂ ਦੇ ਵਿਭਾਗ ਦਾ ਮੁਖੀ ਹੋਵੇਗਾ। ਸੀ. ਡੀ. ਐੱਸ. ਇਸ ਵਿਭਾਗ ਦਾ ਸਕੱਤਰ ਵੀ ਹੋਵੇਗਾ।

ਦੱਸਣਯੋਗ ਹੈ ਕਿ ਇਸ ਸਾਲ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਸੀ. ਡੀ. ਐੱਸ. ਦਾ ਅਹੁਦਾ ਬਣਾਉਣ ਦਾ ਐਲਾਨ ਕੀਤਾ ਸੀ। ਸੀ. ਡੀ. ਐੱਸ. ਦਾ ਕੰਮ ਤਿੰਨੋਂ ਸੈਨਾਵਾਂ ਵਿਚਾਲੇ ਕੋਆਡੀਨੇਸ਼ਨ ਬਣਾਉਣਾ ਹੋਵੇਗਾ। ਪਿਛਲੇ ਦਿਨੀਂ ਸਰਕਾਰ ਨੇ ਪਹਿਲੇ ਸੀ. ਡੀ. ਐੱਸ. ਦੀ ਨਿਯੁਕਤੀ ਨੂੰ ਲੈ ਕੇ ਇਕ ਕਮੇਟੀ ਦਾ ਗਠਨ ਕੀਤਾ ਸੀ। ਇਹ ਕਮੇਟੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਅਧੀਨ ਕੰਮ ਕਰ ਰਹੀ ਹੈ। ਇਸ ਕਮੇਟੀ ਨੇ ਤਿੰਨੋਂ ਸੈਨਾਵਾਂ- ਜਲ ਸੈਨਾ, ਥਲ ਸੈਨਾ ਅਤੇ ਹਵਾਈ ਫੌਜ ਤੋਂ ਕਮਾਂਡਰ-ਇਨ-ਚੀਫ ਰੈਂਕ ਦੇ ਅਧਿਕਾਰੀਆਂ ਦੇ ਨਾਂ ਮੰਗਵਾਏ ਸਨ। ਕਮੇਟੀ ਨੇ ਹਾਲ ਹੀ 'ਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ ਸੀ। ਕਾਰਗਿਲ ਜੰਗ ਤੋਂ ਬਾਅਦ ਸਮੀਖਿਆ ਕਮੇਟੀ ਨੇ ਇਸ ਅਹੁਦੇ ਨੂੰ ਬਣਾਉਣ ਦੀ ਸਿਫਾਰਿਸ਼ ਕੀਤੀ ਸੀ। ਬਦਲਦੀਆਂ ਚੁਣੌਤੀਆਂ ਅਤੇ ਹਲਾਤਾਂ 'ਚ ਤਿੰਨੋਂ ਸੈਨਾਵਾਂ ਨੂੰ ਇਕ ਕਮਾਨ ਹੇਠਾਂ ਲਿਆਉਣ ਲਈ ਸੀ. ਡੀ. ਐੱਸ. ਦੇ ਅਹੁਦੇ ਨੂੰ ਲੈ ਕੇ ਲੰਬੇ ਸਮੇਂ ਤੋਂ ਸਲਾਹ-ਮਸ਼ਵਰਾ ਚੱਲ ਰਿਹਾ ਸੀ, ਜਿਸ ਨੂੰ ਆਖਰਕਾਰ ਅੱਜ ਮਨਜ਼ੂਰੀ ਦਿੱਤੀ ਗਈ।  

Tanu

This news is Content Editor Tanu