ਚੇਨਈ ’ਚ 12 ਦਿਨਾਂ ਲਈ ਮੁੜ ਲਾਗੂ ਹੋਈ ਪੂਰੀ ਤੌਰ ’ਤੇ ਤਾਲਾਬੰਦੀ

06/15/2020 6:01:30 PM

ਚੇਨਈ (ਵਾਰਤਾ)— ਤਾਮਿਨਲਾਡੂ ’ਚ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲਿਆਂ ਵਿਚ ਵੱਡੇ ਪੱਧਰ ’ਤੇ ਵਾਧੇ ਨੂੰ ਦੇਖਦਿਆਂ ਰਾਜਧਾਨੀ ਚੇਨਈ ਅਤੇ ਇਸ ਨਾਲ ਲੱਗਦੇ 3 ਜ਼ਿਲਿਆਂ ਵਿਚ 19 ਤੋਂ 30 ਜੂਨ ਤੱਕ ਸਖਤ ਪਾਬੰਦੀਆਂ ਨਾਲ ਪੂਰੀ ਤੌਰ ’ਤੇ ਤਾਲਾਬੰਦੀ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਸੋਮਵਾਰ ਨੂੰ ਇਸ ਬਾਰੇ ਐਲਾਨ ਕੀਤਾ। ਉਨ੍ਹਾਂ ਨੇ ਕੋਰੋਨਾ ਵਾਇਰਸ ’ਤੇ ਸੂਬੇ ਦੀ ਕੈਬਨਿਟ ਅਤੇ ਮਾਹਰ ਮੈਡੀਕਲ ਪੈਨਲ ਨਾਲ ਸਮੀਖਿਆ ਬੈਠਕ ਤੋਂ ਬਾਅਦ ਤਾਲਾਬੰਦੀ ’ਚ ਸਖਤੀ ਵਰਤਣ ਦਾ ਫੈਸਲਾ ਕੀਤਾ। 

ਮੁੱਖ ਮੰਤਰੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਨ੍ਹਾਂ ਬੈਠਕਾਂ ਵਿਚ ਚਰਚਾ ਦੇ ਆਧਾਰ ’ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਫਤ ਪ੍ਰਬੰਧਨ ਐਕਟ, 2005 ਤਹਿਤ 19 ਜੂਨ ਨੂੰ ਤੜਕੇ ਤੋਂ 30 ਜੂਨ ਦੀ ਮੱਧ ਰਾਤ ਤੱਕ 12 ਦਿਨਾਂ ਦੀ ਸਖਤ ਤਾਲਾਬੰਦੀ ਲਾਗੂ ਰਹੇਗੀ। ਜਿਸ ’ਚੋਂ ਕੋਈ ਛੋਟ ਨਹੀਂ ਦਿੱਤੀ ਜਾਵੇਗੀ। 12 ਦਿਨਾਂ ਦੇ ਸਮੇਂ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨੂੰ ਕੁਝ ਤੈਅ ਪਾਬੰਦੀਆਂ ਨਾਲ ਆਗਿਆ ਦਿੱਤੀ ਜਾਵੇਗੀ। 

ਦੱਸਣਯੋਗ ਹੈ ਕਿ ਤਾਮਿਲਨਾਡੂ ’ਚ ਵਾਇਰਸ ਦੇ 44,661 ਮਾਮਲੇ ਹੋ ਚੁੱਕੇ ਹਨ ਅਤੇ 435 ਲੋਕ ਵਾਇਰਸ ਨਾਲ ਜਾਨ ਗਵਾ ਚੁੱਕੇ ਹਨ। ਹਾਲਾਤ ਨੂੰ ਵਿਗੜਦੇ ਦੇਖ ਕੇ ਸਰਕਾਰ ਨੇ ਤਾਲਾਬੰਦੀ ਮੁੜ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਜੇਕਰ ਗੱਲ ਪੂਰੇ ਦੇਸ਼ ਦੀ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ਵਿਚ 11,502 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਮਾਮਲੇ ਵੱਧ ਕੇ 3,33,424 ਹੋ ਗਏ ਹਨ। ਜਦਕਿ ਮੌਤਾਂ ਦਾ ਅੰਕੜਾ 9,520 ’ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ 24 ਮਾਰਚ ਤੋਂ ਲਾਗੂ ਤਾਲਾਬੰਦੀ ਨੂੰ 5 ਪੜਾਵਾਂ ’ਚ ਲਾਗੂ ਕੀਤਾ ਗਿਆ ਹੈ। ਤਾਲਾਬੰਦੀ-5 ਅਤੇ ਅਨਲਾਕ-1 ਚੱਲ ਰਿਹਾ ਹੈ। ਢਿੱਲ ਦੇਣ ਮਗਰੋਂ ਦੇਸ਼ ਭਰ ’ਚ ਕੋਰੋਨਾ ਨੇ ਰਫ਼ਤਾਰ ਫੜੀ ਹੈ।

Tanu

This news is Content Editor Tanu