ਨਾਇਡੂ ਨੇ EC ਨੂੰ ਲਿਖੀ ਚਿੱਠੀ, ਕਿਹਾ- ਮੋਦੀ ਦੇ ਕੇਦਾਰਨਾਥ, ਬਦਰੀਨਾਥ ਦੌਰੇ ਦਾ ਪ੍ਰਸਾਰਣ ਬੰਦ ਕਰੋ

05/19/2019 6:16:34 PM

ਨਵੀਂ ਦਿੱਲੀ (ਭਾਸ਼ਾ)— ਤੇਦੇਪਾ ਮੁਖੀ ਅਤੇ ਵਿਰੋਧੀ ਧਿਰ ਦੇ ਨੇਤਾ ਐੱਨ. ਚੰਦਰਬਾਬੂ ਨਾਇਡੂ ਨੇ ਐਤਵਾਰ ਨੂੰ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ। ਨਾਇਡੂ ਨੇ ਕਿਹਾ ਕਿ ਕੇਦਾਰਨਾਥ ਅਤੇ ਬਦਰੀਨਾਥ ਯਾਤਰਾ ਦੌਰਾਨ ਪੀ. ਐੱਮ. ਮੋਦੀ ਦੀ ਨਿਜੀ ਗਤੀਵਿਧੀਆਂ ਦਾ ਲਗਾਤਾਰ ਪ੍ਰਸਾਰਣ ਚੋਣ ਜ਼ਾਬਤਾ ਦਾ ਉਲੰਘਣ ਹੈ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਨਾਇਡੂ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਵਿਰੋਧੀ ਪਾਰਟੀਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਵਿਚ ਫਿਲਹਾਲ ਦਿੱਲੀ 'ਚ ਹਨ। 



ਨਾਇਡੂ ਨੇ ਕਿਹਾ ਕਿ ਰਾਡਾਰ ਦੀ ਪਕੜ ਵਿਚ ਆਉਣ ਤੋਂ ਬਚਣ ਲਈ ਖਰਾਬ ਮੌਸਮ ਦੇ ਦਿਨ ਵਿਗਿਆਨੀਆਂ ਅਤੇ ਰੱਖਿਆ ਮਾਹਰਾਂ ਨੂੰ ਹਵਾ ਹਮਲੇ ਕਰਨ ਲਈ ਨਿਰਦੇਸ਼ ਦੇਣ ਦੀ ਗੱਲ ਕਹਿ ਕੇ ਆਪਣੇ ਵਿਗਿਆਨਕ ਗਿਆਨ ਨੂੰ ਜ਼ਾਹਰ ਕਰਨ ਵਾਲੇ ਮੋਦੀ ਵੱਖ-ਵੱਖ 'ਸ਼ੱਕੀ' ਗਤੀਵਿਧੀਆਂ ਜ਼ਰੀਏ ਆਪਣੇ ਹੰਕਾਰ ਨਾਲ ਭਰੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਲਿਖੀ ਚਿੱਠੀ ਵਿਚ ਕਿਹਾ, ''ਪ੍ਰਧਾਨ ਮੰਤਰੀ ਦੀਆਂ ਇਨ੍ਹਾਂ ਗਤੀਵਿਧੀਆਂ ਦਾ ਲਗਾਤਾਰ ਪ੍ਰਸਾਰਣ ਜੇਕਰ ਨਹੀਂ ਰੋਕਿਆ ਗਿਆ ਤਾਂ ਚੋਣ ਜ਼ਾਬਤਾ ਜ਼ਰੀਏ ਸਾਰਿਆਂ ਨੂੰ ਬਰਾਬਰ ਮੌਕੇ ਦੇਣ ਦਾ ਵਿਚਾਰ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨੂੰ ਲਾਗੂ ਕਰਨਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ।''



ਉਨ੍ਹਾਂ ਨੇ ਕਿਹਾ ਕਿ ਮੋਦੀ 19 ਮਈ ਤਕ ਦੋ ਦਿਨਾਂ ਲਈ ਬਦਰੀਨਾਥ ਅਤੇ ਕੇਦਾਰਨਾਥ ਦੇ ਅਧਿਕਾਰਤ ਦੌਰੇ 'ਤੇ ਹਨ ਪਰ ਤੀਰਥ ਯਾਤਰਾ ਦੌਰਾਨ ਉਨ੍ਹਾਂ ਦੀਆਂ ਸਾਰੀਆਂ ਨਿਜੀ ਗਤੀਵਿਧੀਆਂ ਦਾ ਟੀ. ਵੀ. ਚੈਨਲਾਂ ਨੇ ਲਗਾਤਾਰ ਪ੍ਰਸਾਰਣ ਕੀਤਾ, ਜੋ ਆਪਣੇ ਆਪ ਵਿਚ ਚੋਣ ਜ਼ਾਬਤਾ ਦਾ ਸਪੱਸ਼ਟ ਉਲੰਘਣ ਹੈ। ਨਾਇਡੂ ਨੇ ਕਿਹਾ ਕਿ ਇਹ ਅਸਿੱਧੇ ਤੌਰ 'ਤੇ ਕੀਤਾ ਗਿਆ ਪ੍ਰਚਾਰ ਹੈ ਅਤੇ ਵੋਟਰਾਂ ਨੂੰ ਇਕ ਵਿਅਕਤੀ ਦੀਆਂ ਧਾਰਮਿਕ ਮਾਨਤਾਵਾਂ ਅਤੇ ਨਿਜੀ ਧਾਰਮਿਕ ਗਤੀਵਿਧੀਆਂ ਨੂੰ ਜਨਤਕ ਪ੍ਰਦਰਸ਼ਨ ਜ਼ਰੀਏ ਪ੍ਰਭਾਵਿਤ ਕਰਨਾ ਹੈ।

Tanu

This news is Content Editor Tanu