ਦਿੱਲੀ ਸਮੇਤ 4 ਹਾਈ ਕੋਰਟਾਂ ’ਚ 13 ਜੱਜ ਨਿਯੁਕਤ

04/28/2023 2:59:25 PM

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਸਮੇਤ ਚਾਰ ਹਾਈ ਕੋਰਟਾਂ ’ਚ ਵੀਰਵਾਰ ਨੂੰ 11 ਨਿਆਂਇਕ ਅਧਿਕਾਰੀਆਂ ਅਤੇ ਦੋ ਵਕੀਲਾਂ ਨੂੰ ਵਧੀਕ ਜੱਜ ਅਤੇ ਜੱਜ ਦੇ ਰੂਪ ’ਚ ਤਰੱਕੀ ਦਿੱਤੀ ਗਈ।
ਇਨ੍ਹਾਂ ਤੋਂ ਇਲਾਵਾ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਨੂੰ ਪਟਨਾ ਹਾਈ ਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਅਤੁੱਲ ਸ਼੍ਰੀਧਰਨ ਨੂੰ ਜੰਮੂ-ਕਸ਼ਮੀਰ ਹਾਈ ਕੋਰਟ ’ਚ ਟਰਾਂਸਫਰ ਕੀਤਾ ਗਿਆ।

ਛੱਤੀਸਗੜ੍ਹ, ਦਿੱਲੀ, ਮੱਧ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਹਾਈ ਕੋਰਟਾਂ ’ਚ 13 ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰ ਕੇ ਨਿਯੁਕਤੀਆਂ ਅਤੇ ਤਬਾਦਲੇ ਦੀ ਜਾਣਕਾਰੀ ਦਿੱਤੀ।

ਇਕ ਹੋਰ ਹੁਕਮ ਅਨੁਸਾਰ, ਰੂਪੇਸ਼ ਚੰਦਰ ਵਾਰਸ਼ਣੇਯ, ਅਨੁਰਾਧਾ ਸ਼ੁਕਲਾ, ਸੰਜੀਵ ਸੁਧਾਕਰ ਕਲਗਾਂਵਕਰ, ਪ੍ਰੇਮ ਨਰਾਇਣ ਸਿੰਘ, ਅਚਲ ਕੁਮਾਰ ਪਾਲੀਵਾਲ, ਹਿਰਦੇਸ਼ ਅਤੇ ਅਵਨਿੰਦਰ ਕੁਮਾਰ ਸਿੰਘ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜੱਜ ਦੇ ਰੂਪ ’ਚ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਰਾਕੇਸ਼ ਥਪਲਿਆਲ, ਪੰਕਜ ਪੁਰੋਹਿਤ ਅਤੇ ਵਿਵੇਕ ਭਾਰਤੀ ਸ਼ਰਮਾ ਨੂੰ ਉੱਤਰਾਖੰਡ ਹਾਈ ਕੋਰਟ ਦਾ ਜੱਜ ਬਣਾਇਆ ਗਿਆ ਹੈ। ਸੰਜੈ ਕੁਮਾਰ ਜੈਸਵਾਲ ਨੂੰ ਛੱਤੀਸਗੜ੍ਹ ਹਾਈ ਕੋਰਟ ਦੇ ਵਧੀਕ ਜੱਜ ਦੇ ਰੂਪ ’ਚ ਤਰੱਕੀ ਦਿੱਤੀ ਗਈ ਹੈ। ਵਧੀਕ ਜੱਜਾਂ ਨੂੰ ਆਮ ਤੌਰ ’ਤੇ ਜੱਜ ਬਣਾਏ ਜਾਣ ਤੋਂ ਪਹਿਲਾਂ ਦੋ ਸਾਲ ਦੀ ਮਿਆਦ ਲਈ ਨਿਯੁਕਤ ਕੀਤਾ ਜਾਂਦਾ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 6 ਵਧੀਕ ਜੱਜਾਂ ਨੂੰ ਵੀ ਤਰੱਕੀ

ਓਧਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 6 ਵਧੀਕ ਜੱਜਾਂ ਨੂੰ ਵੀ ਤਰੱਕੀ ਦੇ ਕੇ ਸਥਾਈ ਜੱਜ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਨੇ ਦੱਸਿਆ ਕਿ ਜਸਟਿਸ ਵਿਕਾਸ ਬਹਿਲ, ਜਸਟਿਸ ਵਿਕਾਸ ਸੂਰੀ, ਜਸਟਿਸ ਸੰਦੀਪ ਮੌਦਗਿਲ, ਜਸਟਿਸ ਵਿਨੋਦ ਸ਼ਰਮਾ ਭਾਰਦਵਾਜ, ਜਸਟਿਸ ਪੰਕਜ ਜੈਨ ਅਤੇ ਜਸਟਿਸ ਜਸਜੀਤ ਸਿੰਘ ਬੇਦੀ ਨੂੰ ਤਰੱਕੀ ਦੇ ਕੇ ਸਥਾਈ ਜੱਜ ਬਣਾਇਆ ਗਿਆ ਹੈ।

Rakesh

This news is Content Editor Rakesh