ਕੇਂਦਰ ਨੇ ਸੂਬਿਆਂ ਨੂੰ ਕਿਹਾ-ਕੋਰੋਨਾ ਦੀ ਦੂਜੀ ਖੁਰਾਕ ਲੈਣ ਵਾਲਿਆਂ ਨੂੰ ਪਹਿਲਾਂ ਲਗਾਓ ਟੀਕਾ

05/12/2021 11:12:14 AM

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਸੂਬਿਆਂ ਨੂੰ ਉਨ੍ਹਾਂ ਲੋਕਾਂ ਨੂੰ ਪਹਿਲ ਦੇਣ ਲਈ ਕਿਹਾ ਜਿਨ੍ਹਾਂ ਨੂੰ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਦਿੱਤੀ ਜਾਣੀ ਹੈ ਅਤੇ ਕੇਂਦਰ ਵੱਲੋਂ ਮਿਲਣ ਵਾਲੇ ਟੀਕੇ ਦਾ 70 ਫ਼ੀਸਦੀ ਇਸ ਦੇ ਲਈ ਸੁਰੱਖਿਅਤ ਰੱਖਿਆ ਜਾਵੇ। ਬਾਕੀ 30 ਫ਼ੀਸਦੀ ਨੂੰ ਪਹਿਲਾ ਟੀਕਾ ਲਗਵਾਉਣ ਵਾਲਿਆਂ ਲਈ ਰੱਖਿਆ ਜਾ ਸਕਦਾ ਹੈ।

ਸਿਹਤ ਮੰਤਰਾਲਾ ਨੇ ਕਿਹਾ ਕਿ ਸੂਬਿਆਂ ਨੂੰ ਟੀਕੇ ਦੀ ਬਰਬਾਦੀ ਨੂੰ ਘੱਟ ਤੋਂ ਘੱਟ ਕਰਨ ਲਈ ਕਿਹਾ ਗਿਆ ਹੈ। ਟੀਕੇ ਦੀ ਰਾਸ਼ਟਰੀ ਔਸਤ ਤੋਂ ਜ਼ਿਆਦਾ ਬਰਬਾਦੀ ਹੋਣ ’ਤੇ ਉਸ ਦੀ ਐਡਜੱਸਟਮੈਂਟ ਉਸੇ ਸੂਬੇ ਨੂੰ ਕੀਤੀ ਜਾਣ ਵਾਲੀ ਵੰਡ ਤੋਂ ਕੀਤੀ ਜਾਵੇਗੀ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਕੋਵਿਡ-19 ਨਾਲ ਨਜਿੱਠਣ ਲਈ ਤਕਨੀਕੀ ਅਤੇ ਅੰਕੜਾ ਪ੍ਰਬੰਧਨ ’ਤੇ ਗਠਿਤ ਉੱਚ-ਪੱਧਰੀ ਕਮੇਟੀ ਦੇ ਪ੍ਰਧਾਨ ਡਾ. ਆਰ. ਐੱਸ. ਸ਼ਰਮਾ ਵੱਲੋਂ ਮੰਗਲਵਾਰ ਨੂੰ ਸੂਬਿਆਂ ਦੇ ਅਧਿਕਾਰੀਆਂ ਨਾਲ ਕੋਵਿਡ-19 ਟੀਕਾਕਰਣ ’ਤੇ ਆਯੋਜਿਤ ਸਮੀਖਿਆ ਬੈਠਕ ’ਚ ਟੀਕੇ ਦੀ ਦੂਜੀ ਖੁਰਾਕ ਦਾ ਇੰਤਜਾਰ ਕਰ ਰਹੇ ਲੋਕਾਂ ’ਤੇ ਜ਼ੋਰ ਦੇਣ ਦਾ ਫੈਸਲਾ ਕੀਤਾ ਗਿਆ।

45 ਤੋਂ ਜ਼ਿਆਦਾ ਉਮਰ ਵਰਗ ਦੇ ਲੋਕਾਂ, ਕੋਰੋਨਾ ਯੋਧਿਆ ਅਤੇ ਸਿਹਤ ਕਰਮਚਾਰੀਆਂ ਸਮੇਤ ਹੋਰ ਮੂਹਰਲੀ ਕਤਾਰ ਦੇ ਸਮੂਹਾਂ ਦਾ ਵੱਡੀ ਗਿਣਤੀ ’ਚ ਟੀਕਾਕਰਨ ਕਰਨ ਸਬੰਧੀ ਸੂਬਿਆਂ ਦਾ ਅੰਕੜਾ ਪੇਸ਼ ਕਰਦੇ ਹੋਏ ਸਿਹਤ ਸਕੱਤਰ ਨੇ ਸੂਬਿਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਮੂਹਾਂ ਦਾ ਪਹਿਲ ਦੇ ਆਧਾਰ ’ਤੇ ਟੀਕਾਕਰਨ ਕੀਤਾ ਜਾਵੇ।

Tanu

This news is Content Editor Tanu