ਕੇਂਦਰ ਕੋਲ ਹਵਾਈ ਜਹਾਜ਼, ਨਵੇਂ ਸੰਸਦ ਭਵਨ ਲਈ ਪੈਸੇ ਹਨ ਪਰ ਕਿਸਾਨਾਂ ਲਈ ਨਹੀਂ : ਪ੍ਰਿਯੰਕਾ

11/07/2023 6:21:53 PM

ਬਾਲੋਦ- ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ  ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹਵਾਈ ਜਹਾਜ਼ ਲੈਣ ਅਤੇ ਨਵੇਂ ਸੰਸਦ ਭਵਨ ਲਈ ਪੈਸੇ ਹਨ ਪਰ ਕਿਸਾਨਾਂ ਨੂੰ ਦੇਣ ਲਈ ਪੈਸਾ ਨਹੀਂ ਹੈ। ਪ੍ਰਿਯੰਕਾ ਗਾਂਧੀ ਨੇ ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ ਵਿਚ ਇਕ ਚੋਣ ਸਭਾ 'ਚ ਭਾਜਪਾ 'ਤੇ ਦੋਸ਼ ਲਾਇਆ ਕਿ ਦੇਸ਼ ਦੀ ਜਨਤਾ  ਨੇ ਜੋ ਕੁਝ ਚੰਗਾ ਬਣਾਇਆ ਸੀ, ਉਸ ਨੂੰ ਉਸ ਨੇ ਵਿਗਾੜ ਦਿੱਤਾ ਜਾਂ ਉਦਯੋਗਪਤੀ ਮਿੱਤਰਾਂ ਨੂੰ ਦੇ ਦਿੱਤਾ। 

ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਦਾ ਜੋ ਪੈਸਾ ਹੁੰਦਾ ਹੈ, ਉਹ ਸਰਕਾਰ ਦਾ ਨਹੀਂ ਸਗੋਂ ਜਨਤਾ ਦਾ ਪੈਸਾ ਹੁੰਦਾ ਹੈ। ਇਸ ਦਾ ਅਹਿਸਾਸ ਤੁਹਾਨੂੰ ਹੋਣਾ ਚਾਹੀਦਾ ਹੈ। ਜਦੋਂ ਸਰਕਾਰ ਇਸ ਨੂੰ ਖਰਚ ਕਰਦੀ ਹੈ, ਤਾਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਕਿਸ ਕੰਮ ਲਈ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਛੱਤੀਸਗੜ੍ਹ 'ਚ ਕਾਂਗਰਸ ਦੀ ਸਰਕਾਰ ਨੇ 5 ਸਾਲ 'ਚ ਜਨਤਾ ਦੇ ਹਿੱਤ ਲਈ ਕੰਮ ਕੀਤਾ ਪਰ ਕੇਂਦਰ ਸਰਕਾਰ ਨੇ ਕੀ ਕੀਤਾ? 

ਪ੍ਰਿਯੰਕਾ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ 'ਚ ਮੋਦੀ ਜੀ ਲਈ 8 ਹਜ਼ਾਰ ਕਰੋੜ ਰੁਪਏ ਦੇ ਦੋ ਜਹਾਜ਼ ਖਰੀਦੇ ਗਏ, ਜਿਸ ਵਿਚ ਉਹ ਘੁੰਮ ਸਕਣ। 20 ਹਜ਼ਾਰ ਕਰੋੜ ਰੁਪਏ ਖਰਚ ਕਰ ਕੇ ਨਵਾਂ ਸੰਸਦ ਭਵਨ ਬਣਾਇਆ ਗਿਆ। ਜਦੋਂ ਇਸ ਦਾ ਐਲਾਨ ਹੋਇਆ ਤਾਂ ਉਦੋਂ ਮੈਂ ਉੱਤਰ ਪ੍ਰਦੇਸ਼ ਵਿਚ ਸੀ ਅਤੇ ਉੱਥੇ ਗੰਨਾ ਕਿਸਾਨ ਆਪਣਾ ਬਕਾਇਆ ਪੈਸਾ ਮੰਗਣ ਲਈ ਸੜਕਾਂ 'ਤੇ ਸਨ। ਮੋਦੀ ਸਰਕਾਰ ਸੁੰਦਰੀਕਰਨ ਲਈ 20 ਹਜ਼ਾਰ ਕਰੋੜ ਰੁਪਏ ਖਰਚ ਕਰੇਗੀ ਪਰ ਕਿਸਾਨਾਂ ਨੂੰ ਦੇਣ ਲਈ ਉਸ ਕੋਲ ਪੈਸੇ ਨਹੀਂ ਹਨ।
 

Tanu

This news is Content Editor Tanu