ਕੇਂਦਰ ਨੇ ਮਹਿਬੂਬਾ ਦੀ ਮੰਗ ਨੂੰ ਕੀਤਾ ਪੂਰਾ, ਰਮਜ਼ਾਨ 'ਚ ਅੱਤਵਾਦੀਆਂ ਖਿਲਾਫ ਨਹੀਂ ਹੋਵੇਗਾ ਆਪਰੇਸ਼ਨ

05/17/2018 11:30:14 AM

ਜੰਮੂ/ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰਾਲਾ ਨੇ ਸੁਰੱਖਿਆ ਫੋਰਸਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਮਜ਼ਾਨ ਦੇ ਮਹੀਨੇ ਦੌਰਾਨ ਜੰਮੂ-ਕਸ਼ਮੀਰ 'ਚ 'ਆਪ੍ਰੇਸ਼ਨ ਆਲ ਆਊਟ' ਨਾ ਚਲਾਇਆ ਜਾਵੇ। ਗ੍ਰਹਿ ਮੰਤਰਾਲਾ ਨੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਕਿਹਾ ਕਿ ਸੁਰੱਖਿਆ ਫੋਰਸਾਂ ਇਸ ਸਮੇਂ ਦੌਰਾਨ 'ਆਪ੍ਰੇਸ਼ਨ ਆਲ ਆਊਟ' ਨਹੀਂ ਚਲਾਉਣਗੀਆਂ ਪਰ ਜੇ ਅੱਤਵਾਦੀਆਂ ਨੇ ਕੋਈ ਹਮਲਾ ਕੀਤਾ ਤਾਂ ਉਸ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਕਸ਼ਮੀਰ ਵਾਦੀ ਦੇ ਸ਼ੋਪੀਆਂ, ਅਨੰਤਨਾਗ ਅਤੇ ਦੱਖਣੀ ਕਸ਼ਮੀਰ 'ਚ ਪਿਛਲੇ ਮਹੀਨੇ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ ਦੌਰਾਨ 13 ਅੱਤਵਾਦੀ ਮਾਰੇ ਗਏ ਸਨ। ਉਸ ਪਿੱਛੋਂ ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਨੇ ਕੇਂਦਰ ਨੂੰ ਬੇਨਤੀ ਕੀਤੀ ਸੀ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਉਕਤ ਆਪ੍ਰੇਸ਼ਨ ਨਾ ਚਲਾਇਆ ਜਾਵੇ।


ਫੈਸਲਾ ਫੌਜ ਦਾ ਹੌਸਲਾ ਡੇਗਣ ਵਾਲਾ
ਪਿਛਲੇ 1 ਮਹੀਨੇ ਤੋਂ ਫੌਜ ਨੇ ਕਈ ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਸੁਰੱਖਿਆ ਫੋਰਸਾਂ ਨੇ ਦੱਖਣੀ ਕਸ਼ਮੀਰ 'ਚ ਅੱਤਵਾਦੀਆਂ ਦਾ ਲੱਕ ਤੋੜ ਦਿੱਤਾ ਹੈ। ਅਜਿਹੀ ਹਾਲਤ 'ਚ ਰਮਜ਼ਾਨ ਦੇ ਮਹੀਨੇ ਦੌਰਾਨ ਕੇਂਦਰ ਵਲੋਂ ਲਿਆ ਗਿਆ ਉਕਤ ਫੈਸਲਾ ਕਿਤੇ ਨਾ ਕਿਤੇ ਅੱਤਵਾਦੀਆਂ ਵਿਰੁੱਧ ਫੌਜ ਅਤੇ ਸੁਰੱਖਿਆ ਫੋਰਸਾਂ ਵਲੋਂ ਕੀਤੀ ਜਾਣ ਵਾਲੀ ਕਾਰਵਾਈ 'ਚ ਇਕ ਤਰ੍ਹਾਂ ਨਾਲ ਰੁਕਾਵਟ ਪੈਦਾ ਕਰੇਗਾ। ਜਾਣਕਾਰ ਸੂਤਰਾਂ ਨੇ ਸਰਕਾਰ ਦੇ ਉਕਤ ਫੈਸਲੇ ਨੂੰ ਫੌਜ ਦਾ ਹੌਸਲਾ ਡੇਗਣ ਵਾਲਾ ਕਰਾਰ ਦਿੱਤਾ ਹੈ।


ਅੱਤਵਾਦੀਆਂ 'ਤੇ ਕੋਈ ਰਹਿਮ ਨਹੀਂ : ਰਾਮ ਮਾਧਵ
ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਭਾਜਪਾ ਦੇ ਇੰਚਾਰਜ ਰਾਮ ਮਾਧਵ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਗੋਲੀਬੰਦੀ ਦੇ ਮੁੱਦੇ 'ਤੇ ਆਪਣਾ ਪੱਖ ਰੱਖਦੇ ਹੋਏ ਕਿਹਾ ਹੈ ਕਿ ਰਮਜ਼ਾਨ ਦੇ ਮਹੀਨੇ 'ਚ ਅੱਤਵਾਦੀ ਖੁਦ ਹੀ ਅੱਤਵਾਦ ਨੂੰ ਕਿਉਂ ਨਹੀਂ ਬੰਦ ਕਰਦੇ? ਉਨ੍ਹਾਂ ਕਿਹਾ ਕਿ ਅੱਤਵਾਦੀਆਂ 'ਤੇ ਕੋਈ ਰਹਿਮ ਨਹੀਂ ਵਿਖਾਇਆ ਜਾ ਸਕਦਾ। ਜਦੋਂ ਤਕ ਅੱਤਵਾਦੀ ਅੱਤਵਾਦ ਫੈਲਾਉਣਗੇ, ਸੁਰੱਖਿਆ ਫੋਰਸਾਂ ਦੇ ਜਵਾਨ ਆਪਣਾ ਫਰਜ਼ ਨਿਭਾਉਂਦੇ ਰਹਿਣਗੇ।


ਮਹਿਬੂਬਾ ਤੇ ਫਾਰੂਕ ਵਲੋਂ ਸਵਾਗਤ
ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕੇਂਦਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਸ਼ਾਂਤੀ ਲਈ ਚੁੱਕਿਆ ਜਾਣ ਵਾਲਾ ਇਹ ਕਦਮ ਸ਼ਲਾਘਾਯੋਗ ਹੈ। ਫਾਰੂਕ ਨੇ ਸਭ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਫੈਸਲੇ ਨਾਲ ਨਫਰਤ ਦੂਰ ਹੋਵੇਗੀ ਅਤੇ ਲੋਕ ਇਕ-ਦੂਜੇ ਦੇ ਨੇੜੇ ਆਉਣਗੇ।