ਜ਼ਹਿਰੀਲੀ ਹਵਾ ਤੋਂ ਰਾਹਤ ਪਾਉਣ ਲਈ ਦੀਵਾਲੀ ਬਾਹਰ ਮਨਾਉਣਾ ਚਾਹੁੰਦੇ ਹਨ ਜ਼ਿਆਦਾਤਰ ਦਿੱਲੀ-NCR ਵਾਸੀ

11/09/2023 4:42:59 PM

ਜਲੰਧਰ, (ਇੰਟ.)– ਪ੍ਰਦੂਸ਼ਣ ਦੇ ਖਤਰਨਾਕ ਪੱਧਰ ’ਤੇ ਪਹੁੰਚ ਜਾਣ ਕਾਰਨ ਦਿੱਲੀ-ਐੱਨ. ਸੀ. ਆਰ. ਦੇ ਵਾਸੀ ਦੀਵਾਲੀ ਮਨਾਉਣ ਲਈ ਦੇਸ਼ ਦੀਆਂ ਪ੍ਰਮੁੱਖ ਸੈਰਗਾਹਾਂ ਵੱਲ ਰੁਖ਼ ਕਰ ਰਹੇ ਹਨ। ਹੋਟਲ ਉਦਯੋਗ ਵਿਚ ਦੀਵਾਲੀ ਵੀਕੈਂਡ ਤਕ ਦਿੱਲੀ-ਐੱਨ. ਸੀ. ਆਰ. ਤੋਂ ਭਾਰੀ ਬੁਕਿੰਗ ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰਵਾਇਤੀ ਤੌਰ ’ਤੇ ਭਾਰਤ ਵਾਸੀ ਤਿਉਹਾਰਾਂ ਲਈ ਘਰ ਵਿਚ ਹੀ ਰਹਿੰਦੇ ਹਨ ਪਰ ਹੁਣ ਲੋਕ ਉੱਤਰ ਭਾਰਤ ’ਚ ਖਤਰਨਾਕ ਪੱਧਰ ਤਕ ਵਧੇ ਪ੍ਰਦੂਸ਼ਣ ਤੋਂ ਬਚਣ ਲਈ ਭਾਰਤ ਦੀਆਂ ਪ੍ਰਮੁੱਖ ਸੈਰਗਾਹਾਂ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ।

ਹੋਟਲਾਂ ਨੇ ਤਿਆਰ ਕੀਤੇ ਵਿਸ਼ੇਸ਼ ਪ੍ਰਵਾਸ ਪੈਕੇਜ

ਲੀਜ਼ਰ ਹੋਟਲਜ਼ ਗਰੁੱਪ ਦੇ ਸੇਲਸ ਹੈੱਡ ਸ਼ਹਿਜ਼ਾਦ ਅਸਲਮ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਹੋਟਲ ਸੀਰੀਜ਼ ਦੀਆਂ ਸਾਰੀਆਂ 29 ਜਾਇਦਾਦਾਂ ਵਿਚ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਖਾਸ ਤੌਰ ’ਤੇ ਉੱਤਰਾਖੰਡ ਵਿਚ ਕਾਰਬੇਟ ਤੇ ਨੈਨੀਤਾਲ ਵਿਚ ਬੁਕਿੰਗ ’ਚ ਉਛਾਲ ਵੇਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਐੱਨ. ਸੀ. ਆਰ. ਦੇ ਵਾਸੀ ਜ਼ਹਿਰੀਲੀ ਹਵਾ ਤੋਂ ਰਾਹਤ ਹਾਸਲ ਕਰਨਾ ਚਾਹੁੰਦੇ ਹਨ। ਇੱਥੇ ਸਕੂਲ ਵੀ ਬੰਦ ਹਨ ਜਾਂ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ। ਇਹੀ ਕਾਰਨ ਹੈ ਕਿ ਸਥਾਨਕ ਪਰਿਵਾਰਾਂ ਨੂੰ ਦੀਵਾਲੀ ਮੌਕੇ ਛੁੱਟੀ ਲੈਣ ਲਈ ਪ੍ਰੇਰਿਤ ਕੀਤਾ ਗਿਆ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਆਪਣੇ ਗਾਹਕਾਂ ਲਈ ਰੌਸ਼ਨੀ ਦਾ ਤਿਉਹਾਰ ਮਨਾਉਣ ਵਾਸਤੇ ਵਿਸ਼ੇਸ਼ ਪ੍ਰਵਾਸ ਪੈਕੇਜ ਤਿਆਰ ਕੀਤੇ ਹਨ।

ਕਸੌਲੀ ਤੇ ਭੀਮਤਾਲ ਬਣੇ ਮਨਪਸੰਦ ਸਥਾਨ

ਰਿਪੋਰਟ ਵਿਚ ਵਿੰਡਹੈਮ ਹੋਟਲਜ਼ ਐਂਡ ਰਿਜ਼ੋਰਟਜ਼ ’ਚ ਮਾਰਕੀਟ ਮੈਨੇਜਿੰਗ ਡਾਇਰੈਕਟਰ ਨਿਖਿਲ ਸ਼ਰਮਾ ਨੇ ਵੀ ਹੋਟਲਾਂ ਦੀ ਬੁਕਿੰਗ ਵਿਚ ਆਏ ਉਛਾਲ ’ਤੇ ਸਹਿਮਤੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਉਦੈਪੁਰ, ਮਸੂਰੀ, ਗੋਆ ਤੇ ਕਸੌਲੀ ਵਰਗੀਆਂ ਸੈਰਗਾਹਾਂ ਲਈ ਬੁਕਿੰਗ ਅਜੇ ਵੀ ਜਾਰੀ ਹੈ। ਜਨਰਲ ਮੈਨੇਜਰ ਅਜੇ ਸ਼ਰਮਾ ਨੇ ਕਿਹਾ ਕਿ ਤਾਜ ਕਾਰਬੇਟ ਰਿਜ਼ੋਰਟ ਐਂਡ ਸਪਾ ਵਿਚ ਇਸ ਸਮੇਂ ਮੰਗ ਵਿਚ ਅਸਾਧਾਰਨ ਵਾਧਾ ਵੇਖਿਆ ਜਾ ਰਿਹਾ ਹੈ। ਇਸ ਦਾ ਕਾਰਨ ਦਿੱਲੀ ਵਿਚ ਮੌਜੂਦਾ ਪ੍ਰਦੂਸ਼ਣ ਦੀ ਸਥਿਤੀ ਹੈ, ਜੋ ਮਹਿਮਾਨਾਂ ਨੂੰ 8 ਰਾਤਾਂ ਦਾ ਪ੍ਰਵਾਸ ਦਾ ਬਦਲ ਚੁਣਨ ਲਈ ਪ੍ਰੇਰਿਤ ਕਰ ਰਹੀ ਹੈ।

ਵਿਲਾ ਤੇ ਬੰਗਲਾ ਕਿਰਾਏ ’ਤੇ ਦੇਣ ਵਾਲੀ ਕੰਪਨੀ ਸਟੇਵਿਸਟਾ ਦੇ ਸਹਿ-ਸੰਸਥਾਪਕ ਅਮਿਤ ਦਮਾਨੀ ਨੇ ਵੀ ਕਿਹਾ ਕਿ ਦਿੱਲੀ ਐੱਨ. ਸੀ. ਆਰ. ਖੇਤਰ ’ਚੋਂ ਦੀਵਾਲੀ ਵੀਕੈਂਡ ਲਈ ਬੁਕਿੰਗ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ 8 ਨਵੰਬਰ ਤੋਂ ਜ਼ਿਆਦਾ ਮੰਗ ਵੇਖ ਰਹੇ ਹਾਂ। ਲੋਕ ਗੋਆ ਲਈ ਉਡਾਣ ਭਰ ਰਹੇ ਹਨ ਅਤੇ ਕਸੌਲੀ ਤੇ ਭੀਮਤਾਲ ਵਰਗੀਆਂ ਸੈਰਗਾਹਾਂ ਲਈ ਯਾਤਰਾ ’ਚ ਤੇਜ਼ੀ ਵੇਖੀ ਜਾ ਰਹੀ ਹੈ।

ਦਿੱਲੀ ਤੋਂ ਸੈਲਾਨੀਆਂ ਦੀ ਗਿਣਤੀ ’ਚ ਹੋਵੇਗਾ ਇਜ਼ਾਫਾ

ਦਿ ਫਰਨ ਹੋਟਲਜ਼ ਐਂਡ ਰਿਜ਼ੋਰਟਜ਼ ’ਚ ਸੇਲਸ ਐਂਡ ਮਾਰਕੀਟਿੰਗ (ਉੱਤਰੀ ਤੇ ਪੂਰਬੀ ਭਾਰਤ) ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਮੋਹਿਤ ਸ਼ਰਦ ਨੇ ਕਿਹਾ ਕਿ ਉਨ੍ਹਾਂ ਦੀ ਚੇਨ ਨੂੰ ਦਿੱਲੀ ਤੋਂ ਧਰਮਪੁਰ, ਭੀਮਤਾਲ, ਮਸੂਰੀ, ਆਗਰਾ, ਅਲਵਰ ਤੇ ਜੈਪੁਰ ਵਰਗੇ ਨਜ਼ਦੀਕੀ ਡਰਾਈਵ ਕਰਨ ਯੋਗ ਸਥਾਨਾਂ ਲਈ ਪੁੱਛਗਿੱਛ ਮਿਲ ਰਹੀ ਹੈ। ਤਿਉਹਾਰ ਲਈ ਪੈਕੇਜ ਤੇਜ਼ੀ ਨਾਲ ਵਿਕਣੇ ਸ਼ੁਰੂ ਹੋ ਗਏ ਹਨ। ਸਾਨੂੰ ਉਮੀਦ ਹੈ ਕਿ ਇਸ ਸਾਲ ਦਿੱਲੀ ਦੇ ਨੇੜੇ ਸਾਡੇ ਸਾਰੇ ਰਿਜ਼ੋਰਟਜ਼ ਵਿਚ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਲੋਕ ਰਹਿਣਗੇ। ਰੈਡੀਸਨ ਹੋਟਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਤੇ ਰੀਜਨਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਦੱਖਣੀ ਏਸ਼ੀਆ) ਜੁਬਿਨ ਸਕਸੈਨਾ ਨੇ ਕਿਹਾ ਕਿ ਇਸ ਮਹੀਨੇ ਦਿੱਲੀ ਤੋਂ ਬਾਹਰ ਦੇ ਬਾਜ਼ਾਰਾਂ ਵੱਲ ਰੁਖ਼ ਕੀਤਾ ਜਾ ਰਿਹਾ ਹੈ, ਜੋ 4 ਤੋਂ 6 ਘੰਟਿਆਂ ਦੀ ਦੂਰੀ ’ਤੇ ਹਨ।

Rakesh

This news is Content Editor Rakesh