ਸੀ. ਬੀ. ਐੱਸ. ਈ. ਵਲੋਂ ਗਣਿਤ ਦੀ ਪ੍ਰੀਖਿਆ 'ਚ ਤਬਦੀਲੀ

01/12/2019 12:01:15 AM

ਨਵੀਂ ਦਿੱਲੀ,(ਭਾਸ਼ਾ)— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਵਲੋਂ ਗਣਿਤ ਦੀਆਂ ਪ੍ਰੀਖਿਆਵਾਂ 'ਚ ਤਬਦੀਲੀ ਕੀਤੀ ਹੈ। ਸੀ. ਬੀ. ਐੱਸ. ਈ. 2020 'ਚ ਵਿੱਦਿਅਕ ਸੈਸ਼ਨ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਗਣਿਤ ਦੀਆਂ 2 ਪੱਧਰੀ ਪ੍ਰੀਖਿਆਵਾਂ ਆਯੋਜਿਤ ਕਰੇਗਾ। ਸੀ. ਬੀ. ਐੱਸ. ਈ. ਵਲੋਂ ਜਾਰੀ ਨੋਟੀਫਿਕੇਸ਼ਨ 
ਅਨੁਸਾਰ ਗਣਿਤ ਦੀਆਂ ਪ੍ਰੀਖਿਆਵਾਂ 2 ਪੱਧਰ 'ਤੇ ਹੋਣਗੀਆਂ। ਪਹਿਲੀ ਗਣਿਤ-ਮਾਣਕ, ਜੋ ਮੌਜੂਦਾ ਆਮ ਪੱਧਰ ਦੀ ਪ੍ਰੀਖਿਆ ਹੋਵੇਗੀ। ਦੂਸਰੀ ਗਣਿਤ-ਮੂਲ, ਜੋ ਆਸਾਨ ਪੱਧਰ ਦੀ ਪ੍ਰੀਖਿਆ ਹੋਵੇਗੀ। ਉਸ 'ਚ ਕਿਹਾ ਗਿਆ ਹੈ ਕਿ ਗਣਿਤ ਦਾ ਮੌਜੂਦਾ ਪੱਧਰ ਅਤੇ ਸਿਲੇਬਸ ਬਰਾਬਰ ਰਹੇਗਾ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਰਾਸ਼ਟਰੀ ਸਿਲੇਬਸ ਰੂਪ-ਰੇਖਾ ਅਨੁਸਾਰ 2 ਪੱਧਰ ਦੀਆਂ ਪ੍ਰੀਖਿਆਵਾਂ ਨਾਲ ਨਾ ਸਿਰਫ 2 ਵੱਖ-ਵੱਖ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ, ਸਗੋਂ ਇਸ ਨਾਲ ਪ੍ਰੀਖਿਆਵਾਂ ਵੀ ਅਲੱਗ ਹੋਣਗੀਆਂ ਅਤੇ ਵਿਦਿਆਰਥੀਆਂ 'ਚ ਤਣਾਅ ਦਾ ਪੱਧਰ ਵੀ ਘੱਟ ਹੋਵੇਗਾ। ਇਸ 'ਚ ਕਿਹਾ ਗਿਆ ਹੈ ਕਿ ਸਾਨੂੰ ਪਤਾ ਹੀ ਹੈ ਕਿ ਸਭ ਤੋਂ ਮੁਸ਼ਕਲ ਵਿਸ਼ੇ ਦੀ ਪ੍ਰੀਖਿਆ ਦੌਰਾਨ ਵਿਦਿਆਰਥੀਆਂ 'ਚ ਤਣਾਅ ਦਾ ਪੱਧਰ ਸਭ ਤੋਂ ਜ਼ਿਆਦਾ ਹੁੰਦਾ ਹੈ।