ਮਾਪਿਆਂ ਦੀ ਕਾਨੂੰਨੀ ਲੜਾਈ ਦੇ ਚੱਕਰ ''ਚ ਫਸੀ ਮਾਸੂਮ ਬੱਚੀ, ਦੁਬਈ ਤੋਂ ਵਾਪਸ ਲਿਆਈ CBI

02/27/2020 4:29:32 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਹਾਈ ਕੋਰਟ ਦੇ ਹੁਕਮ ਦਾ ਉਲੰਘਣ ਕਰ ਕੇ ਇਕ ਵਿਅਕਤੀ ਆਪਣੀ ਧੀ ਨੂੰ ਦੁਬਈ ਲੈ ਗਿਆ ਪਰ ਸੀ. ਬੀ. ਆਈ. ਦੇ ਅਧਿਕਾਰੀਆਂ ਦਾ ਇਕ ਦਲ ਵੀਰਵਾਰ ਭਾਵ ਅੱਜ ਬੱਚੀ ਨੂੰ ਵਾਪਸ ਲੈ ਕੇ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਉਦਯੋਗਪਤੀ ਅਮਨ ਲੋਹੀਆ ਅਤੇ ਉਨ੍ਹਾਂ ਦੀ ਪਤਨੀ ਕਿਰਨ ਕੌਰ ਲੋਹੀਆ ਵਿਚਾਲੇ ਬੱਚੀ ਦੀ ਸੁਰੱਖਿਆ ਨੂੰ ਲੈ ਕੇ ਕਾਨੂੰਨੀ ਲੜਾਈ ਚਲ ਰਹੀ ਹੈ। ਇਸ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਦੇਸ਼ ਨਾ ਛੱਡਣ ਦਾ ਨਿਰਦੇਸ਼ ਦਿੱਤਾ ਸੀ ਪਰ ਅਮਨ ਲੋਹੀਆ ਆਪਣੀ 3 ਸਾਲਾ ਬੱਚੀ ਰੈਨਾ ਨੂੰ ਲੈ ਕੇ ਦੁਬਈ ਚਲੇ ਗਏ। ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਸੀ. ਬੀ. ਆਈ. ਅਧਿਕਾਰੀਆਂ ਦਾ ਇਕ ਦਲ ਦੁਬਈ ਗਿਆ, ਜਿੱਥੋਂ ਉਨ੍ਹਾਂ ਨੇ 3 ਸਾਲਾ ਬੱਚੀ ਦੀ ਸੁਰੱਖਿਅਤ ਵਾਪਸੀ ਯਕੀਨੀ ਕਰਨ ਲਈ ਸਥਾਨਕ ਅਧਿਕਾਰੀਆਂ ਦੀ ਮਦਦ ਲਈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਕਾਰਵਾਈ ਬਾਰੇ ਸੂਚਿਤ ਕਰ ਦਿੱਤਾ। ਏਜੰਸੀ ਬੱਚੀ ਨੂੰ ਸ਼ੁੱਕਰਵਾਰ ਨੂੰ ਕੋਰਟ 'ਚ ਪੇਸ਼ ਕਰੇਗੀ, ਬੱਚੀ ਅਜੇ ਏਜੰਸੀ ਦੀ ਦੇਖ-ਰੇਖ ਵਿਚ ਹੈ।

ਹਾਈ ਕੋਰਟ ਨੇ ਬੱਚੀ ਦੀ ਸੁਰੱਖਿਆ ਦਾ ਜ਼ਿੰਮਾ ਮਾਂ ਨੂੰ ਸੌਂਪਿਆ ਸੀ ਅਤੇ ਅਮਨ ਨੂੰ ਹਫਤੇ 'ਚ 3 ਦਿਨ ਕੁਝ ਘੰਟਿਆਂ ਲਈ ਉਸ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਸੀ। ਕੋਰਟ ਨੇ ਅਮਨ ਦਾ ਪਾਸਪੋਰਟ ਵੀ ਜਮਾਂ ਕਰਵਾ ਲਿਆ ਸੀ। ਪਿਛਲੇ ਸਾਲ 24 ਅਗਸਤ ਨੂੰ ਜਦੋਂ ਬੱਚੀ ਰੈਨਾ, ਅਮਨ ਨੂੰ ਮਿਲਣ ਆਈ ਤਾਂ ਉਹ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਨੇਪਾਲ ਅਤੇ ਹੋਰ ਖਾੜੀ ਦੇਸ਼ਾਂ ਤੋਂ ਹੁੰਦੇ ਹੋਏ ਬੇਟੀ ਨੂੰ ਦੁਬਈ ਲੈ ਗਿਆ। ਅਮਨ ਨੇ ਕੈਰੇਬੀਆਈ ਦੇਸ਼ ਡੋਮੇਨਿਕਾ ਦਾ ਪਾਸਪੋਰਟ ਇਸਤੇਮਾਲ ਕੀਤਾ। ਇਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ। ਇਹ ਮਾਮਲਾ ਸੁਪਰੀਮ ਕੋਰਟ ਉਦੋਂ ਪੁੱਜਾ, ਜਦੋਂ ਹਾਈ ਕੋਰਟ ਦੇ ਹੁਕਮ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ।

Tanu

This news is Content Editor Tanu