50 ਕਰੋੜ ਰੁਪਿਆਂ ਨਾਲ ਭਰੀ ਕੈਸ਼ ਵੈਨ ਨਾਲੇ ''ਚ ਡਿੱਗੀ, ਪਿੰਡ ਵਾਲੇ ਪੁੱਜੇ ਲੁੱਟਣ

04/06/2018 5:41:07 PM

ਛੱਤੀਸਗੜ੍ਹ— ਇੱਥੋਂ ਦੀ ਰਾਜਧਾਨੀ ਰਾਏਪੁਰ 'ਚ 50 ਕਰੋੜ ਰੁਪਿਆਂ ਨਾਲ ਭਰੀ ਕੈਸ਼ ਵੈਨ ਅਤੇ ਉਸ ਦੀ ਸੁਰੱਖਿਆ 'ਚ ਚੱਲ ਰਿਹਾ ਪੁਲਸ ਵਾਹਨ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਏ। ਕੈਸ਼ ਵੈਨ ਅਤੇ ਪੁਲਸ ਦੀ ਸਕਾਰਪੀਓ ਦੋਵੇਂ ਹੀ ਗੱਡੀਆਂ ਬੇਕਾਬੂ ਹੋ ਕੇ ਨਾਲੇ 'ਚ ਜਾ ਡਿੱਗੀਆਂ। ਪਿੰਡ ਵਾਸੀਆਂ ਨੂੰ ਜਦੋਂ ਪਤਾ ਲੱਗਾ ਕਿ ਨਾਲੇ 'ਚ ਪਲਟੀ ਗੱਡੀ 'ਚ ਭਾਰੀ ਮਾਤਰਾ 'ਚ ਨਕਦੀ ਭਰੀ ਹੋਈ ਹੈ ਤਾਂ ਮੌਕੇ 'ਤੇ ਭਾਰੀ ਭੀੜ ਇਕੱਠੀ ਹੋਣ ਲੱਗੀ। ਹਾਦਸੇ 'ਚ ਵਾਲ-ਵਾਲ ਬਚੇ ਬੈਂਕ ਕਰਮਚਾਰੀਆਂ ਅਤੇ ਪੁਲਸ ਕਰਮਚਾਰੀਆਂ ਨੇ ਕਿਸੇ ਤਰ੍ਹਾਂ ਨਕਦੀ ਲੁੱਟਣ ਤੋਂ ਬਚਾਈ। ਘਟਨਾ ਰਾਏਪੁਰ ਨਾਲ ਲੱਗਦੇ ਬਲੌਦਾਬਾਜ਼ਾਰ ਦੀ ਹੈ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਦੁਪਹਿਰ ਇਹ ਹਾਦਸਾ ਹੋਇਆ। ਚਸ਼ਮਦੀਦਾਂ ਅਨੁਸਾਰ ਕੈਸ਼ ਵੈਨ ਅਤੇ ਉਸ ਦੀ ਸੁਰੱਖਿਆ 'ਚ ਅੱਗੇ-ਅੱਗੇ ਚੱਲ ਰਹੀ ਪੁਲਸ ਦੀ ਗੱਡੀ ਕਾਫੀ ਰਫ਼ਤਾਰ 'ਚ ਸੀ। ਬਲੌਦਾਬਾਜ਼ਾਰ ਦੇ ਬਿਟਕੁਲੀ ਪਿੰਡ ਦੇ ਮਲਿਕਾ ਨਾਲਾ ਕੋਲ ਸਾਹਮਣੇ ਤੋਂ ਆ ਰਹੀ ਇਕ ਬੇਕਾਬੂ ਗੱਡੀ ਨੂੰ ਬਚਾਉਣ ਦੀ ਕੋਸ਼ਿਸ਼ 'ਚ ਇਕ-ਦੂਜੇ ਨੂੰ ਟਕਰਾ ਗਏ ਅਤੇ ਨਾਲੇ 'ਚ ਜਾ ਡਿੱਗੇ। ਐੱਸ.ਬੀ.ਆਈ. ਦੇ ਚੈਸਟ ਵਾਹਨ 'ਚ ਬੈਂਕ ਕਰਮਚਾਰੀ ਬੈਠੇ ਹੋਏ ਸਨ, ਜਦੋਂ ਕਿ ਨਕਦੀ ਸੁਰੱਖਿਆ ਲਈ ਅੱਗੇ-ਅੱਗੇ ਚੱਲ ਰਹੀ ਸਕਾਰਪੀਓ 'ਚ ਛੱਤੀਸਗੜ੍ਹ ਆਰਮਡ ਫੋਰਸ ਦੇ ਕਰੀਬ ਅੱਧਾ ਦਰਜਨ ਹਥਿਆਰਬੰਦ ਜਵਾਨ ਬੈਠੇ ਹੋਏ ਸਨ। ਹਾਦਸੇ 'ਚ ਬੈਂਕ ਕਰਮਚਾਰੀ ਅਤੇ ਪੁਲਸ ਦੇ ਜਵਾਨ ਵਾਲ-ਵਾਲ ਬਚ ਗਏ।
ਉੱਥੇ ਹੀ ਜਿਸ ਬੇਕਾਬੂ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ 'ਚ ਦੋਵੇਂ ਵਾਹਨ ਪਲਟੇ, ਉਹ ਸੰਭਲ ਗਿਆ ਅਤੇ ਮੌਕੇ 'ਤੇ ਫਰਾਰ ਹੋ ਗਿਆ। ਐੱਸ.ਬੀ.ਆਈ. ਦੇ ਚੈਸਟ ਵਾਹਨ 'ਚ 32 ਪੇਟੀਆਂ 'ਚ ਕਰੀਬ 50 ਕਰੋੜ ਰੁਪਏ ਨਕਦ ਰੱਖੇ ਹੋਏ ਸਨ, ਜਿਨ੍ਹਾਂ ਨੂੰ ਧਰਮਜੈਗੜ੍ਹ ਦੇ ਵੱਖ-ਵੱਖ ਬੈਂਕਾਂ ਅਤੇ ਏ.ਟੀ.ਐੱਮ. ਮਸ਼ੀਨਾਂ 'ਚ ਜਮ੍ਹਾ ਕਰਨ ਲਈ ਲਿਜਾਇਆ ਜਾ ਰਿਹਾ ਸੀ। ਪੁਲਸ ਕਰਮਚਾਰੀਆਂ ਨੇ ਕਿਸੇ ਤਰ੍ਹਾਂ ਨੂੰ ਖੁਦ ਨੂੰ ਸੰਭਾਲਿਆ ਅਤੇ ਹਾਦਸੇ ਦਾ ਸ਼ਿਕਾਰ ਹੋਏ ਵਾਹਨ ਨੂੰ ਬਾਹਰ ਕੱਢਿਆ। ਉੱਥੇ ਹੀ ਹਾਦਸੇ ਦਾ ਸ਼ਿਕਾਰ ਹੋਏ ਵਾਹਨ 'ਚ 50 ਕਰੋੜ ਦੀ ਨਕਦੀ ਹੋਣ ਦੀ ਖਬਰ ਜਦੋਂ ਪਿੰਡ ਵਾਸੀਆਂ ਤੱਕ ਪੁੱਜੀ ਤਾਂ ਭਾਰੀ ਗਿਣਤੀ 'ਚ ਲੋਕ ਮੌਕੇ 'ਤੇ ਇਕੱਠੇ ਹੋਣ ਲੱਗੇ। ਹਾਲਾਂਕਿ ਪੁਲਸ ਕੰਟਰੋਲ ਰੂਮ ਨੂੰ ਸਮੇਂ 'ਤੇ ਜ਼ਖਮੀ ਪੁਲਸ ਕਰਮਚਾਰੀਆਂ ਨੇ ਸੂਚਨਾ ਦੇ ਦਿੱਤੀ। ਲਿਹਾਜਾ ਤੁਰੰਤ ਹਾਦਸੇ ਵਾਲੀ ਜਗ੍ਹਾ 'ਤੇ ਐਡੀਸ਼ਨਲ ਫੋਰਸ ਰਵਾਨਾ ਕਰ ਦਿੱਤੀ ਗਈ। ਬਲੌਦਾਬਾਜ਼ਾਰ ਜ਼ਿਲੇ ਦੇ ਐੱਸ.ਪੀ. ਆਰ.ਐੱਨ. ਦਾਸ ਅਨੁਸਾਰ 32 ਪੇਟੀਆਂ 'ਚ ਰੱਖੀ ਨਕਦੀ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਈ। ਇਸ ਨੂੰ ਸਿਟੀ ਕੋਤਵਾਲੀ 'ਚ ਰੱਖਿਆ ਗਿਆ ਹੈ ਤਾਂ ਕਿ ਸੁਰੱਖਿਅਤ ਰੂਪ ਨਾਲ ਧਰਮਜੈਗੜ੍ਹ ਪਹੁੰਚਾਇਆ ਜਾ ਸਕੇ।