ਮਾਮਲਾ ਅੱਤਵਾਦੀ ਨਾਵੀਦ ਨੂੰ ਭਜਾਉਣ ਦਾ, 4 ਅੱਤਵਾਦੀਆਂ ਸਮੇਤ 7 ਗ੍ਰਿਫਤਾਰ

02/08/2018 9:24:25 PM

ਸ਼੍ਰੀਨਗਰ (ਮਜੀਦ)—ਸ਼੍ਰੀਨਗਰ ਦੇ ਹਸਪਤਾਲ 'ਤੇ ਹੋਏ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਪੁਲਸ ਨੇ ਅਜੇ ਤੱਕ 4 ਅੱਤਵਾਦੀਆਂ ਸਮੇਤ 7 ਸਾਜ਼ਿਸ਼ਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਅਨੁਸਾਰ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਪਹਿਲਾਂ 7 ਸਾਜ਼ਿਸ਼ਕਰਤਾਵਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਲੋਕਾਂ ਨੇ ਪਾਕਿਸਤਾਨੀ ਅੱਤਵਾਦੀ ਨਾਵੀਦ ਜੱਟ ਨੂੰ ਫਰਾਰ ਕਰਵਾਉਣ ਵਿਚ ਮਦਦ ਕੀਤੀ ਸੀ। ਗ੍ਰਿਫਤਾਰ ਕੀਤੇ ਗਏ 7 ਵਿਅਕਤੀਆਂ ਦੀ ਪਛਾਣ ਸ਼ਕੀਲ ਭੱਟ ਨਿਵਾਸੀ ਲਲਹਾਰ, ਟੀਕਾ ਖਾਨ ਨਿਵਾਸੀ ਸਿੰਗੋ ਨਾਰਬਲ, ਜਾਨ ਮੁਹੰਮਦ ਨਿਵਾਸੀ ਕੀਰਸੀਗਾਮ, ਜਾਵੇਦ ਰਾਥਰ ਅਤੇ ਉਸਦੇ ਭਰਾ ਮੰਜੂਰ ਰਾਥਰ ਨਿਵਾਸੀ ਬੇਬਗਾਮ, ਸ਼ਕੀਲ ਵਾਨੀ ਨਿਵਾਸੀ ਸਿੰਗੋ ਨਾਰਬਲ  ਅਤੇ ਸਈਦ ਤਜਾਮੁੱਲ ਨਿਵਾਸੀ ਪਿਹੂ ਵਜੋਂ ਹੋਈ ਹੈ। 
ਓਧਰ ਕਸ਼ਮੀਰ ਡਵੀਜ਼ਨ ਦੇ ਪੁਲਸ ਇੰਸ. ਜਨਰਲ (ਆਈ. ਜੀ.) ਮੁਨੀਰ ਖਾਨ ਨੇ ਕਿਹਾ ਕਿ ਲਸ਼ਕਰ ਅੱਤਵਾਦੀ ਨਾਵੀਦ ਨੂੰ ਭਜਾਉਣ ਦੇ ਮਾਮਲੇ ਨੂੰ ਹੱਲ ਕਰਨ ਵਿਚ ਪੁਲਸ ਨੂੰ ਸਿਰਫ 5 ਘੰਟੇ ਲੱਗੇ। ਪੁਲਸ ਨੇ ਪਾਕਿਸਤਾਨੀ ਅੱਤਵਾਦੀ ਨੂੰ ਭਜਾਉਣ ਵਾਲੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਅਨੁਸਾਰ ਪੁਲਸ ਨੇ 3 ਸ਼ੱਕੀਆਂ ਨੂੰ ਮੀਡੀਆ  ਦੇ ਸਾਹਮਣੇ ਪੇਸ਼ ਨਹੀਂ ਕੀਤਾ। ਆਈ. ਜੀ. ਮੁਨੀਰ ਖਾਨ ਨੇ ਕਿਹਾ ਕਿ ਸ਼ੱਕ ਹੈ ਕਿ ਨਾਵੀਦ ਨੂੰ ਲਸ਼ਕਰ ਦਾ ਨਵਾਂ ਕਮਾਂਡਰ ਬਣਾਉਣ ਲਈ ਭਜਾਇਆ ਗਿਆ ਹੈ। ਗ੍ਰਿਫਤਾਰੀ ਮਗਰੋਂ ਪੁਲਸ ਉਨ੍ਹਾਂ ਕੋਲੋਂ ਪੁਛਗਿੱਛ ਕਰ ਰਹੀ ਹੈ ਅਤੇ ਜਲਦੀ ਹੀ ਨਾਵੀਦ ਤੱਕ ਪਹੁੰਚਣ ਤੱਕ ਕੋਸ਼ਿਸ਼ ਕਰ ਰਹੀ ਹੈ। ਨਾਵੀਦ ਨੂੰ ਭਜਾਉਣ ਦੀ ਕੋਸ਼ਿਸ਼ ਪਿਛਲੇ 4 ਮਹੀਨਿਆਂ ਤੋਂ ਰਚੀ ਜਾ ਰਹੀ ਹੈ। ਇੰਨਾ ਹੀ ਨਹੀਂ, ਅੱਤਵਾਦੀਆਂ ਨੇ ਨਾਵੀਦ ਨੂੰ ਪੁਲਵਾਮਾ ਦੀ ਸੈਂਟਰਲ ਜੇਲ ਵਿਚੋਂ ਭਜਾਉਣ ਦੀ ਸਾਜ਼ਿਸ਼ ਰਚੀ ਸੀ ਪਰ ਸੁਰੱਖਿਆ ਕਾਰਨਾਂ ਕਾਰਨ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਇਸ ਸਾਜ਼ਿਸ਼ ਦੇ ਅਸਫਲ ਹੋਣ ਮਗਰੋਂ ਨਾਵੀਦ ਨੂੰ ਸ਼੍ਰੀਨਗਰ ਦੇ ਹਸਪਤਾਲ ਵਿਚੋਂ ਭਜਾਉਣ ਦੀ ਯੋਜਨਾ ਬਣਾਈ ਗਈ ਸੀ।
ਓਧਰ ਸੋਸ਼ਲ ਮੀਡੀਆ 'ਤੇ ਜੋ ਤਸਵੀਰ ਵਾਇਰਲ ਹੋ ਰਹੀ ਹੈ, ਉਸ ਵਿਚ ਨਾਵੀਦ ਨੂੰ ਹਿਜ਼ਬੁਲ ਦੇ ਕਮਾਂਡਰਾਂ ਨਾਲ ਦੇਖਿਆ ਗਿਆ ਹੈ।
ਸਰਕਾਰ ਨੇ ਸੈਂਟਰਲ ਜੇਲ ਦੇ ਸੁਪਰਡੈਂਟ ਨੂੰ ਕੀਤਾ ਸਸਪੈਂਡ
ਜੰਮੂ-ਕਸ਼ਮੀਰ ਸਰਕਾਰ ਨੇ ਸੈਂਟਰਲ ਜੇਲ ਸ਼੍ਰੀਨਗਰ ਦੇ ਜੇਲ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਹੈ। ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਆਰ. ਕੇ. ਗੋਇਲ ਨੇ ਕਿਹਾ ਕਿ ਫਿਲਹਾਲ ਜੇਲ ਸੁਪਰਡੈਂਟ ਨੂੰ ਜਾਂਚ ਦੇ ਕਾਰਨ ਅਗਲੇ ਹੁਕਮਾਂ ਤੱਕ ਡੀ. ਜੀ. ਪੀ. ਨੂੰ ਅਟੈਚ ਕਰ ਦਿੱਤਾ ਗਿਆ ਹੈ।