ਸਾਵਧਾਨ! ਲੱਖਾਂ ਭਾਰਤੀ ਬੈਂਕ ਗਾਹਕਾਂ ਦਾ ਡਾਟਾ ਲੀਕ, ਹੈਕਰ ਵੇਚ ਰਹੇ ਆਨਲਾਈਨ ਖਾਤੇ

10/31/2019 1:10:27 PM

ਨਵੀਂ ਦਿੱਲੀ — ਦੇਸ਼ ਦੇ ਕਰੀਬ 12 ਲੱਖ ਭਾਰਤੀ ਬੈਂਕ ਗਾਹਕਾਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡਸ ਦਾ ਡਾਟਾ ਲੀਕ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਹ ਸਾਲ ਦੀ ਸਭ ਤੋਂ ਵੱਡੀ ਹੈਕਿੰਗ ਹੈ। ਡਾਟਾ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ 'ਚ ਸਭ ਤੋਂ ਮਹੱਤਵਪੂਰਣ ਟ੍ਰੈਕ-2 ਡਾਟਾ  ਵੀ ਚੋਰੀ ਹੋਇਆ ਹੈ ਜਿਹੜਾ ਕਾਰਡ ਦੇ ਪਿੱਛੇ ਮੈਗਨੇਟਿਕ ਸਟ੍ਰਿਪ 'ਚ ਹੁੰਦਾ ਹੈ। ਇਸ 'ਚ ਗਾਹਕ ਦੀ ਪ੍ਰੋਫਾਈਲ ਅਤੇ ਲੈਣ-ਦੇਣ ਦਾ ਸਾਰੀ ਜਾਣਕਾਰੀ ਹੁੰਦੀ ਹੈ। ਇਸ ਤੋਂ ਇਲਾਵਾ ਟ੍ਰੈਕ-1 ਡਾਟਾ 'ਚ ਸਿਰਫ ਕਾਰਡ ਨੰਬਰ ਹੀ ਹੁੰਦੇ ਹਨ, ਜਿਹੜਾ ਕਿ ਆਮ ਹੈ। 

- ਸਾਈਬਰ ਅਪਰਾਧੀਆਂ ਨੇ ਇਸ ਡਾਟਾ ਨੂੰ ਡਾਰਕ ਵੈੱਬ(Dark Web) 'ਤੇ ਕਰੀਬ 130 ਮਿਲੀਅਨ ਡਾਲਰ ਦੀ ਕੀਮਤ 'ਤੇ ਵੇਚਣ ਲਈ ਰੱਖਿਆ ਹੈ। 

- ਜੇਡਡੀ ਨੈੱਟ ਅਨੁਸਾਰ ਇਨ੍ਹਾਂ ਪੇਮੈਂਟ ਕਾਰਡਸ ਦਾ ਡਾਟਾ 'ਜੋਕਰਸ ਸਟੈਸ਼' 'ਤੇ ਉਪਲੱਬਧ ਹੈ। ਜੋਕਰਸ ਸਟੈਸ਼ ਡਾਰਕ ਵੈੱਬ 'ਤੇ ਸਭ ਤੋਂ ਪੁਰਾਣੀ ਕਾਰਡਸ ਸ਼ਾਪਸ ਵਿਚੋਂ ਇਕ ਹੈ। 'ਕਾਰਡਸ ਵੈੱਬ' ਇਕ ਅਜਿਹੀ ਜਗ੍ਹਾਂ ਹੁੰਦੀ ਹੈ ਜਿਥੇ ਭਾਰੀ ਸੰਖਿਆ 'ਚ ਹੈਕਰਸ ਕਾਰਡਸ ਦੀ ਡਿਟੇਲ ਵੇਚਦੇ ਹਨ। 

- ਆਈ.ਬੀ.ਏ. ਗਰੁੱਪ ਦੀ ਸਾਈਬਰ ਸਕਿਊਰਿਟੀ ਦੇ ਰਿਸਰਚਰਸ ਨੇ 'ਡਾਰਕ ਵੈੱਬ' 'ਤੇ ਭਾਰਤੀ ਕਾਰਡ ਧਾਰਕਾਂ ਦੀ ਲਿਸਟਿੰਗ ਦਾ ਪਤਾ ਲਗਾਇਆ ਹੈ। ਜੋਕਰਸ ਸਟੈਸ਼ ਨੇ ਇਸਦਾ 'INDIA-MIX-NEW-01' ਟਾਈਟਲ ਦੇ ਨਾਲ ਵਿਗਿਆਪਨ ਦਿੱਤਾ ਹੈ।

- ਵਿਕਰੀ ਲਈ ਰੱਖੇ ਗਏ ਇਹ ਡੈਬਿਟ ਅਤੇ ਕ੍ਰੈਡਿਟ ਕਾਰਡਸ 98% ਭਾਰਤੀਆਂ ਦੇ ਹਨ ਜਦੋਂਕਿ 18% ਤਾਂ ਇਕ ਹੀ ਬੈਂਕ ਦੇ ਹਨ। ਇਸ ਬੈਂਕ ਦੇ ਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਇਥੇ ਹਰੇਕ ਦੀ ਕੀਮਤ ਕਰੀਬ 100 ਡਾਲਰ(ਲਗਭਗ 7 ਹਜ਼ਾਰ ਰੁਪਏ) ਹੈ। ਬੀਤੇ ਕੁਝ ਸਾਲਾਂ 'ਚ ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਸੰਖਿਆ 'ਚ ਕਾਰਡ ਵੇਚੇ ਜਾ ਰਹੇ ਹਨ।

- ਖਦਸ਼ਾ ਹੈ ਕਿ ਹੈਕਿੰਗ ਤੋਂ ਇਲਾਵਾ ਡਾਟਾ ਏ.ਟੀ.ਐਮ. ਜਾਂ ਪੀ.ਓ.ਐਸ. 'ਚ ਸਕਿੱਮਰ ਤੋਂ ਵੀ ਚੋਰੀ ਕੀਤੇ ਗਏ ਹਨ।

ਇਸ ਤਰ੍ਹਾਂ ਨਾਲ ਹੁੰਦਾ ਹੈ ਇਸ ਡਾਟਾ ਦਾ ਗਲਤ ਇਸਤੇਮਾਲ 

ਬੈਂਕ ਕਾਰਡ ਦਾ ਵੇਰਵਾ ਚੋਰੀ ਹੋਣ ਦੀ ਖਬਰ ਕਿਸੇ ਵੀ ਕਾਰਡਧਾਰਕ ਲਈ ਚਿੰਤਾ ਦਾ ਕਾਰਨ ਹੋ ਸਕਦੀ ਹੈ। ਜਿਹੜੇ ਸ਼ਾਤਰ ਲੋਕ 'ਜੋਕਰਸ ਸਟੈਸ਼' ਤੋਂ ਇਸ ਡਾਟਾ ਦੀ ਖਰੀਦ ਕਰਦੇ ਹਨ ਉਹ ਲੋਕ ਇਸ ਡਾਟਾ ਦੀ ਵਰਤੋਂ ਵੈਧ ਕਾਰਡ(ਕਲੋਨ ਕਾਰਡ) ਬਣਾਉਣ 'ਚ ਕਰਦੇ ਹਨ ਅਤੇ ਫਿਰ ਏ.ਟੀ.ਐਮ. ਵਿਚੋਂ ਪੈਸਾ ਕਢਵਾ ਲੈਂਦੇ ਹਨ। ਜਿਹੜੇ ਖਾਤਿਆਂ 'ਚ ਵੱਡੀ ਰਕਮ ਹੋਣ ਦੀ ਜਾਣਕਾਰੀ ਮਿਲਦੀ ਹੈ ਜਾਂ ਜਿਹੜੇ ਖਾਤੇ ਲੰਮੇ ਸਮੇਂ ਤੋਂ ਆਪਰੇਟ ਨਹੀਂ ਹੁੰਦੇ ਉਨ੍ਹਾਂ ਖਾਤਿਆਂ 'ਤੇ ਇਹ ਲੋਕ ਨਜ਼ਰ ਰੱਖਣਾ ਸ਼ੁਰੂ ਕਰ ਦਿੰਦੇ ਹਨ। ਫਿਰ ਇਨ੍ਹਾਂ ਖਾਤਿਆਂ ਵਿਚੋਂ ਰਕਮ ਚੋਰੀ ਕਰਨ ਦੀ ਸਾਜਿਸ਼ ਦੀ ਸ਼ੁਰੂਆਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਫਰਵਰੀ 'ਚ 2.15 ਮਿਲੀਅਨ ਅਮਰੀਕੀਆਂ ਦੀ ਕਾਰਡ ਡਿਟੇਲਸ ਜੋਕਰਸ ਸਟੈਸ਼ 'ਤੇ ਵਿਕਰੀ ਲਈ ਰੱਖੀ ਗਈ ਸੀ।

ਕਾਰਡਧਾਰਕ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ

- ਕਾਰਡਧਾਰਕਾਂ ਨੂੰ ਕਾਰਡ ਦੇ ਜ਼ਰੀਏ ਟਰਾਂਜੈਕਸ਼ਨ ਕਰਨ ਵਾਲੇ ਬੈਂਕ ਖਾਤਿਆਂ 'ਚ ਵੱਡੀ ਮਾਤਰਾ 'ਚ ਪੈਸਾ ਰੱਖਣ ਤੋਂ ਬਚਣਾ ਚਾਹੀਦਾ ਹੈ।
- ਕਿਸੇ ਵੀ ਤਰ੍ਹਾਂ ਦੀ ਅਣਜਾਣ ਟਰਾਂਜੈਕਸ਼ਨ ਹੋਣ 'ਤੇ ਤੁਰੰਤ ਪੁਲਸ ਅਤੇ ਬੈਂਕ ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ।
- ਅਸੁਰੱਖਿਅਤ ਵੈਬਸਾਈਟਸ 'ਤੇ ਲੈਣ-ਦੇਣ ਤੋਂ ਬਚਣਾ ਚਾਹੀਦਾ ਹੈ। 
- ਜੇਕਰ ਬੈਂਕ ਨੂੰ ਲਿਖਤ 'ਚ ਸੂਚਨਾ ਮਿਲਦੀ ਹੈ ਤਾਂ ਇਸ ਨੁਕਸਾਨ ਦੀ ਜ਼ਿੰਮੇਵਾਰੀ ਬੈਂਕ ਦੀ ਹੀ ਹੋਵੇਗੀ।