ਬੱਚੇ ਸਮੇਤ 6 ਲੋਕਾਂ ਦੇ ਕਤਲ ਮਾਮਲੇ ''ਚ ਸਾਬਕਾ ਕੁਸ਼ਤੀ ਕੋਚ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ

02/24/2024 12:07:43 PM

ਰੋਹਤਕ (ਏਜੰਸੀ)- ਹਰਿਆਣਾ ਦੇ ਰੋਹਤਕ ਦੀ ਇਕ ਅਦਾਲਤ ਨੇ ਫਰਵਰੀ 2021 'ਚ ਇਕ ਜੋੜੇ ਅਤੇ ਉਨ੍ਹਾਂ ਦੇ ਚਾਰ ਸਾਲਾ ਪੁੱਤ ਸਮੇਤ 6 ਲੋਕਾਂ ਦੇ ਕਤਲ ਲਈ ਇਕ ਸਾਬਕਾ ਕੁਸ਼ਤੀ ਕੋਚ ਨੂੰ ਵੀਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਗਗਨ ਗੀਤ ਕੌਰ ਨੇ ਸੋਮਵਾਰ ਨੂੰ ਸੁਖਵਿੰਦਰ ਨੂੰ ਹੋਰ ਦੋਸ਼ਾਂ ਤੋਂ ਇਲਾਵਾ ਕਤਲ ਲਈ ਦੋਸ਼ੀ ਠਹਿਰਾਇਆ ਸੀ ਅਤੇ ਸਜ਼ਾ ਵੀਰਵਾਰ ਨੂੰ ਸੁਣਾਈ ਗਈ। ਅਦਾਲਤ ਨੇ ਉਸ ਦੇ ਸਹਿਯੋਗੀ ਮਨੋਜ ਕੁਮਾਰ ਨੂੰ ਵੀ ਸੁਖਵਿੰਦਰ ਨੂੰ ਹਥਿਆਰ ਮੁਹੱਈਆ ਕਰਵਾਉਣ ਦਾ ਦੋਸ਼ੀ ਪਾਇਆ ਅਤੇ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ। ਪੁਲਸ ਰਿਕਾਰਡ ਅਨੁਸਾਰ ਉੱਤਰ ਪ੍ਰਦੇਸ਼ ਦੇ ਸ਼ਹਿਰ ਮਥੁਰਾ ਵਾਸੀ ਮਹਿਲਾ ਪਹਿਲਵਾਨ ਪੂਜਾ ਤੋਮਰ ਰੋਹਤਕ ਦੇ ਜਾਟ ਕਾਲਜ ਦੇ ਅਖਾੜੇ 'ਚ ਸਿਖਲਾਈ ਲੈ ਰਹੀ ਸੀ। ਉਸ ਨੇ ਮੁੱਖ ਕੋਚ ਮਨੋਜ ਮਲਿਕ ਨੂੰ ਸ਼ਿਕਾਇਤ ਦਿੱਤੀ ਸੀ ਕਿ ਕੋਚ ਸੁਖਵਿੰਦਰ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ। ਵਿਆਹ ਲਈ ਦਬਾਅ ਪਾਉਂਦਾ ਹੈ। ਮੁੱਖ ਕੋਚ ਨੇ ਦੋਸ਼ੀ ਕੋਚ ਨੂੰ ਅਖਾੜਾ ਛੱਡਣ ਦੀ ਚਿਤਾਵਨੀ ਦਿੱਤੀ ਸੀ। 

ਸੋਨੀਪਤ ਜ਼ਿਲ੍ਹੇ ਦੇ ਵਾਸੀ ਸੁਖਵਿੰਦਰ ਨੇ ਇਸੇ ਗੱਲ ਤੋਂ ਨਾਰਾਜ਼ ਹੋ ਕੇ ਮੁੱਖ ਕੋਚ ਮਨੋਜ ਮਲਿਕ, ਉਨ੍ਹਾਂ ਦੀ ਪਤਨੀ ਸਾਕਸ਼ੀ ਮਲਿਕਾ ਅਤੇ ਪੁੱਤਰ ਸਰਤਾਜ, ਕੁਸ਼ਤੀ ਕੋਚ ਸਤੀਸ਼ ਕੁਮਾਰ, ਪ੍ਰਦੀਪ ਮਲਿਕ ਅਤੇ ਪਹਿਲਵਾਨ ਪੂਜਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਕ ਹੋਰ ਵਿਅਕਤੀ ਅਮਰਜੀਤ ਜ਼ਖ਼ਮੀ ਹੋ ਗਿਆ। ਇਹ ਘਟਨਾ ਰੋਹਤਕ ਦੇ ਇਕ ਨਿੱਜੀ ਕਾਲਜ ਨਾਲ ਲੱਗਦੇ ਕੁਸ਼ਤੀ ਸਥਾਨ 'ਤੇ ਹੋਈ ਸੀ। ਪੁਲਸ ਨੇ ਕਿਹਾ ਕਿ ਸੁਖਵਿੰਦਰ ਨੇ ਇਹ ਅਪਰਾਧ ਉਦੋਂ ਕੀਤਾ, ਜਦੋਂ ਉਸ ਖ਼ਿਲਾਫ਼ ਸ਼ਿਕਾਇਤਾਂ ਤੋਂ ਬਾਅਦ ਉਸ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha