ਕੈਂਸਰ ਕਿਸੇ ਲਈ ''ਅਗਨੀ ਪ੍ਰੀਖਿਆ'' ਤੋਂ ਘੱਟ ਨਹੀਂ ਹੈ- ਮੋਦੀ

05/25/2017 2:56:53 PM

ਮੁੰਬਈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰੀ ਯੰਤਰਾਂ ਲਈ ਦੂਜੇ ਦੇਸ਼ਾਂ 'ਤੇ ਨਿਰਭਰਤਾ ਨੂੰ ਘੱਟ ਕਰਨ 'ਤੇ ਅੱਜ ਜ਼ੋਰ ਦਿੱਤਾ ਤਾਂ ਕਿ ਲੋਕਾਂ ਲਈ ਇਲਾਜ ਨੂੰ ਸਸਤਾ ਬਣਾਇਆ ਜਾ ਸਕੇ। ਟਾਟਾ ਮੈਮੋਰੀਅਲ ਸੈਂਟਰ ਦੇ ਸਮਾਜਿਕ ਸੇਵਾ ਦੇ 75 ਸਾਲ ਪੂਰੇ ਹੋਣ ਮੌਕੇ ਇਕ ਪੁਸਤਕ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਕਿਹਾ,''70 ਫੀਸਦੀ ਡਾਕਟਰੀ ਯੰਤਰ ਵਿਦੇਸ਼ਾਂ ਤੋਂ ਬਰਾਮਦ ਕੀਤੇ ਜਾਂਦੇ ਹਨ। ਇਸ ਸਥਿਤੀ ਨੂੰ ਬਦਲਿਆ ਜਾਣਾ ਚਾਹੀਦਾ, ਕਿਉਂਕਿ ਇਸ ਨਾਲ ਇਲਾਜ ਕਾਫੀ ਮਹਿੰਗਾ ਪੈਂਦਾ ਹੈ।'' ਉਹ ਮੁੰਬਈ 'ਚ ਆਯੋਜਿਤ ਪ੍ਰੋਗਰਾਮ ਨੂੰ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿਹਤ ਨੀਤੀ ਦਾ ਉਦੇਸ਼ ਵਹਿਨ ਕਰਨ ਯੋਗ ਸਿਹਤ ਦੇਖਭਾਲ ਯਕੀਨੀ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,''ਅਸੀਂ ਰਾਸ਼ਟਰੀ ਸਿਹਤ ਨੀਤੀ ਲੈ ਕੇ ਆਏ ਹਾਂ। ਇਸ ਦੇ ਨਾਲ ਹੀ ਸਾਡਾ ਟੀਚਾ ਸਾਰਿਆਂ ਲਈ ਸਸਤੀ ਸਿਹਤ ਦੇਖਭਾਲ ਯਕੀਨੀ ਕਰਨਾ ਹੈ।'' ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਮਕਸਦ ਲੋਕਾਂ ਦੇ ਸਾਰੇ ਵਰਗਾਂ ਤੱਕ ਚੰਗੀ ਡਾਕਟਰੀ ਸਹੂਲਤ ਉਪਲੱਬਧ ਕਰਵਾਉਣਾ ਹੈ ਅਤੇ ਇਸ ਦੇ ਅਧੀਨ ਦੇਸ਼ ਭਰ 'ਚ ਨਵੇਂ ਏਮਜ ਅਤੇ ਮੈਡੀਕਲ ਕਾਲਜ ਖੋਲ੍ਹੇ ਜਾਣਗੇ।''
ਮੋਦੀ ਨੇ ਕਿਹਾ,''ਅਸੀਂ ਦੇਸ਼ ਭਰ 'ਚ ਨਵੇਂ ਏਮਜ ਅਤੇ ਮੈਡੀਕਲ ਕਾਲਜ ਲੈ ਕੇ ਆ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਹਰੇਕ ਨਾਗਰਿਕ ਦੀ ਚੰਗੇ ਇਲਾਜ ਤੱਕ ਪਹੁੰਚ ਹੋਵੇ।'' 'ਸਮੇਂ ਦੀ ਰੇਤ 'ਤੇ ਪੈਰਾਂ ਦੇ ਅਮਿਟ ਨਿਸ਼ਾਨ' ਟਾਈਟਲ ਵਾਲੀ ਕਿਤਾਬ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਕਿਹਾ,''ਮੈਂ ਟਾਟਾ (ਮੈਮੋਰੀਅਲ) ਹਸਪਤਾਲ ਨੂੰ ਉਨ੍ਹਾਂ ਦੀ ਪਲੇਟੀਨਮ ਜੁਬਲੀ 'ਤੇ ਵਧਾਈ ਦਿੰਦਾ ਹਾਂ। ਮੈਂ ਇਸ ਕਿਤਾਬ ਦਾ ਉਦਘਾਟਨ ਕਰ ਕੇ ਖੁਸ਼ ਹਾਂ।'' ਕਿਤਾਬ 'ਚ ਹਸਪਤਾਲ ਦੀ ਯਾਤਰਾ ਬਾਰੇ ਦੱਸਿਆ ਗਿਆ ਅਤੇ ਉਸ ਦੀ ਤਰੱਕੀ ਅਤੇ ਵਿਕਾਸ ਨੂੰ ਰੇਖਾਂਕਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ,''75 ਸਾਲਾਂ ਬਾਅਦ ਇਸ ਸੰਸਥਾ ਨੂੰ ਸਿੱਖਿਆ, ਮਨੁੱਖੀ ਵਸੀਲੇ ਵਿਕਾਸ ਅਤੇ ਖੋਜ ਲਈ ਜਾਣਿਆ ਜਾਂਦਾ ਹੈ। ਭਾਰਤ 'ਚ ਬਹੁਤ ਘੱਟ ਹਸਪਤਾਲਾਂ ਨੇ ਲੋਕਾਂ ਦੀਆਂ ਬੀਮਾਰੀਆਂ ਲਈ ਇੰਨਾ ਕੁਝ ਕੀਤਾ ਹੈ।'' ਕੈਂਸਰ ਨੂੰ ਇਸ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਕ ਸਾਂਝਾ ਮੰਚ ਬਣਾਉਣਾ ਅਹਿਮ ਹੈ ਅਤੇ ਜਿੱਥੇ ਮਰੀਜ਼ਾਂ ਨੂੰ ਸਸਤਾ ਇਲਾਜ ਮਿਲੇ। ਉਨ੍ਹਾਂ ਨੇ ਕਿਹਾ,''ਕੈਂਸਰ ਕਿਸੇ ਲਈ ਵੀ 'ਅਗਨੀ ਪ੍ਰੀਖਿਆ' ਤੋਂ ਘੱਟ ਨਹੀਂ ਹੈ।'' ਉਨ੍ਹਾਂ ਨੇ ਕਿਹਾ ਕਿ ਕੈਂਸਰ ਦੇ ਇਲਾਜ ਲਈ ਟਾਟਾ ਮੈਮੋਰੀਅਲ ਹਸਪਤਾਲ ਦਾ ਯੋਗਦਾਨ ਪ੍ਰਸ਼ੰਸਾਯੋਗ ਹੈ। ਮੋਦੀ ਨੇ ਕਿਹਾ,''ਮੈਂ ਗਰੀਬਾਂ ਦੀ ਸੇਵਾ ਕਰਨ ਲਈ ਰਤਨ ਟਾਟਾ ਅਤੇ ਟਾਟਾ ਮੈਮੋਰੀਅਲ ਹਸਪਤਾਲ ਵਧਾਈ ਦਿੰਦਾ ਹਾਂ।''