ਭਾਰਤ ਪੁੱਜੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ

02/17/2018 9:00:03 PM

ਨਵੀਂ ਦਿੱਲੀ (ਏਜੰਸੀ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ 7 ਦਿਨਾਂ ਦੌਰੇ ਉੱਤੇ ਸ਼ਨੀਵਾਰ ਸ਼ਾਮ ਨਵੀਂ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਉੱਤੇ ਉਨ੍ਹਾਂ ਦਾ ਇਹ ਦੌਰਾ ਸਾਹਮਣੇ ਆਇਆ ਹੈ। ਨਰਿੰਦਰ ਮੋਦੀ ਦੇ ਪ੍ਰਧਾਨ ਬਣਨ ਤੋਂ ਬਾਅਦ ਕੈਨੇਡੀਆਈ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੌਰਾ ਹੈ। ਇਸ ਤੋਂ ਪਹਿਲਾਂ ਸਾਲ 2012 ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਦਾ ਦੌਰਾ ਕੀਤਾ ਸੀ।
ਜਸਟਿਨ ਟਰੂਡੋ ਦੀ ਇਸ ਯਾਤਰਾ ਦਾ ਮਕਸਦ ਭਾਰਤ ਅਤੇ ਕੈਨੇਡਾ ਵਿਚਾਲੇ ਕਾਰੋਬਾਰ, ਨਿਵੇਸ਼, ਊਰਜਾ, ਵਿਗਿਆਨ, ਉੱਚ ਸਿੱਖਿਆ, ਇੰਫਰਾਸਟਰੱਕਚਰ ਡਿਵੈਲਪਮੈਂਟ ਅਤੇ ਸਕਿਲ ਡਿਵੈਲਪਮੈਂਟ ਸਮੇਤ ਹੋਰ ਖੇਤਰ ਵਿਚ ਦੋ ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਇਸ ਦੌਰਾਨ ਚੰਗੀ ਨੌਕਰੀ ਪੈਦਾ ਕਰਨ ਨੂੰ ਲੈ ਕੇ ਸਮਝੌਤਾ ਹੋਣ ਦੀ ਉਮੀਦ ਹੈ। ਭਾਰਤ ਰਵਾਨਾ ਹੋਣ ਤੋਂ ਪਹਿਲਾਂ ਕੈਨੇਡੀਆਈ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਦਾ ਇਹ ਦੌਰਾ ਚੰਗੀਆਂ ਨੌਕਰੀਆਂ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਉੱਤੇ ਕੇਂਦਰਿਤ ਹੋਵੇਗਾ।
ਜਸਟਿਨ ਟਰੂਡੋ ਦਿੱਲੀ ਦੇ ਆਗਰਾ, ਅੰਮ੍ਰਿਤਸਰ, ਅਹਿਮਦਾਬਾਦ ਅਤੇ ਮੁੰਬਈ ਦਾ ਦੌਰਾ ਕਰਨਗੇ। ਐਤਵਾਰ ਨੂੰ ਜਸਟਿਨ ਟਰੂਡੋ ਆਗਰਾ ਜਾਣਗੇ ਅਤੇ ਮੁਹੱਬਤ ਦੀ ਨਿਸ਼ਾਨੀ ਤਾਜਮਹਲ ਦਾ ਦੀਦਾਰ ਕਰਣਗੇ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਦਾ ਦੌਰਾ ਕਰਨਗੇ ਅਤੇ ਸ੍ਰੀ ਹਰਿਮੰਦਰ ਸਾਹਿਬ ਨਤਸਮਤਕ ਹੋਣਗੇ।


ਇਹ ਹੈ ਟਰੂਡੋ ਦਾ ਪੂਰਾ ਸ਼ਡਿਊਲ
18 ਫਰਵਰੀ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਤਵਾਰ ਸਵੇਰੇ 9 ਵਜੇ ਜਹਾਜ਼ ਰਾਹੀਂ ਆਗਰਾ ਜਾਣਗੇ ਅਤੇ 10-40 ਵਜੇ ਤਾਜਮਹਲ ਪਹੁੰਚਣਗੇ। ਦੁਪਿਹਰ 2-45 ਵਜੇ ਉਥੋਂ ਰਵਾਨਾ ਹੋਣਗੇ ਅਤੇ 3-35 ਵਜੇ ਦਿੱਲੀ ਵਾਪਸ ਪਹੁੰਚਣਗੇ।
19 ਫਰਵਰੀ- ਸੋਮਵਾਰ ਨੂੰ ਸਵੇਰੇ 8-30 ਵਜੇ ਕੈਨੇਡੀਆਈ ਪ੍ਰਧਾਨ ਮੰਤਰੀ ਅਹਿਮਦਾਬਾਦ ਨੂੰ ਰਵਾਨਾ ਹੋਣਗੇ। ਉਹ ਸਵੇਰੇ 10-05 ਵਜੇ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਇੰਟਰਨੈਸ਼ਨਲ ਏਅਰਪੋਰਟ ਪਹੁੰਚਣਗੇ। ਅਹਿਮਦਾਬਾਦ ਤੋਂ ਸ਼ਾਮ 5-10 ਵਜੇ ਮੁੰਬਈ ਲਈ ਰਵਾਨਾ ਹੋ ਜਾਣਗੇ। ਉਹ ਸ਼ਾਮ 6-30 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਇੰਟਰਨੈਸ਼ਨਲ ਹਵਾਈ ਅੱਡੇ ਉੱਤੇ ਪਹੁੰਚਣਗੇ।
20 ਫਰਵਰੀ- ਟਰੂਡੋ ਮੰਗਲਵਾਰ ਨੂੰ ਦੁਪਹਿਰ ਬਾਅਦ 3-15 ਵਜੇ ਤਾਜ ਮਹੱਲ ਪੈਲੇਸ ਵਿਚ ਆਯੋਜਿਤ ਹੋਣ ਵਾਲੇ ਕੈਨੇਡਾ ਇੰਡੀਆ ਬਿਜ਼ਨੈੱਸ ਫੋਰਮ ਵਿਚ ਹਿੱਸਾ ਲੈਣਗੇ।
21 ਫਰਵਰੀ- ਟਰੂਡੋ ਬੁੱਧਵਾਰ ਨੂੰ ਸਵੇਰੇ 8 ਵਜੇ ਜਹਾਜ਼ ਰਾਹੀਂ ਅੰਮ੍ਰਿਤਸਰ ਲਈ ਰਵਾਨਾ ਹੋਣਗੇ ਅਤੇ 10-30 ਵਜੇ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਪਹੁੰਚਣਗੇ। ਉਹ ਸ੍ਰੀ ਹਰਿਮੰਦਰ ਸਾਹਿਬ ਵੀ ਜਾਣਗੇ ਅਤੇ ਮੱਥਾ ਟੇਕਣਗੇ। ਦੁਪਿਹਰ 1-10 ਵਜੇ ਦਿੱਲੀ ਨੂੰ ਵਾਪਸ ਜਾਣਗੇ।
22 ਫਰਵਰੀ- ਟਰੂਡੋ ਦਿੱਲੀ ਦੇ ਤਾਜ ਡਿਪਲੋਮੈਟਿਕ ਕੰਕਲੇਵ ਵਿਚ ਹੋਣ ਵਾਲੀ ਕੈਨੇਡਾ-ਇੰਡੀਆ ਬਿਜ਼ਨੈੱਸ ਮੀਟਿੰਗ ਵਿਚ ਹਿੱਸਾ ਲੈਣਗੇ।
23 ਫਰਵਰੀ- ਟਰੂਡੋ ਸ਼ੁੱਕਰਵਾਰ ਸਵੇਰੇ 9 ਵਜੇ ਰਾਸ਼ਟਰਪਤੀ ਭਵਨ ਸੇਰੇਮੋਨਿਈਲ ਰਿਸੈਪਸ਼ਨ ਵਿਚ ਸ਼ਾਮਲ ਹੋਣਗੇ। ਇਸ ਤੋਂ ਬਾਅਦ 9-30 ਵਜੇ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ। ਟਰੂਡੋ 10-15 ਵਜੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ 11-30 ਵਜੇ ਦਿੱਲੀ ਦੇ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ, ਨਾਲ ਹੀ ਪ੍ਰਤੀਨਿਧੀਮੰਡਲ ਪੱਧਰੀ ਵਾਰਤਾ ਕਰਨਗੇ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਸਮਝੌਤਿਆਂ ਉੱਤੇ ਹਸਤਾਖਰ ਹੋਣਗੇ। ਟਰੂਡੋ ਇਸ ਦੌਰਾਨ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰਨਗੇ।