ਕੇਂਦਰੀ ਕੈਬਨਿਟ ਦਾ ਵੱਡਾ ਫ਼ੈਸਲਾ; ITBP ਦੀਆਂ 7 ਨਵੀਆਂ ਬਟਾਲੀਅਨਾਂ ਦੇ ਗਠਨ ਨੂੰ ਦਿੱਤੀ ਮਨਜ਼ੂਰੀ

02/15/2023 5:32:46 PM

ਨਵੀਂ ਦਿੱਲੀ- ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਭਾਰਤ-ਚੀਨ ਸਰਹੱਦ 'ਤੇ ਸੁਰੱਖਿਆ ਕਰਨ ਵਾਲੀ ਇੰਡੋ-ਤਿੱਬਤ ਬਾਰਡਰ ਪੁਲਸ (ਆਈ.ਟੀ.ਬੀ.ਪੀ.) ਦੇ 7 ਨਵੀਆਂ ਬਟਾਲੀਅਨਾਂ ਅਤੇ ਇਕ ਖੇਤਰੀ ਹੈੱਡਕੁਆਰਟਰ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਸ ਬਾਬਤ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ- ਲਾਪ੍ਰਵਾਹੀ: ਕਲਾਸ ਰੂਮ 'ਚ ਸੌਂ ਗਿਆ ਬੱਚਾ, 7 ਘੰਟੇ ਸਕੂਲ 'ਚ ਰਿਹਾ ਬੰਦ ਤੇ ਫਿਰ...

ਠਾਕੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਈ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਮੀਟਿੰਗ 'ਚ ਇਸ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਨਵਰੀ 2020 'ਚ ਕੈਬਨਿਟ ਨੇ ਆਈ. ਟੀ. ਬੀ. ਪੀ ਦੀਆਂ 47 ਸਰਹੱਦੀ ਚੌਕੀਆਂ ਅਤੇ 12 ਕੈਂਪ ਸਥਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ ਸੀ। ਉਨ੍ਹਾਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। 

ਸੂਚਨਾ ਤੇ ਪ੍ਰਸਾਰਣ ਮੰਤਰੀ ਠਾਕੁਰ ਨੇ ਕਿਹਾ ਕਿ ਇਸ ਲਈ ਵਾਧੂ ਬਲਾਂ ਦੀ ਲੋੜ ਪਵੇਗੀ। ਅਜਿਹੀ ਸਥਿਤੀ 'ਚ ਆਈ. ਟੀ. ਬੀ. ਪੀ ਦੀਆਂ 7 ਨਵੀਆਂ ਬਟਾਲੀਅਨਾਂ ਗਠਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਬਟਾਲੀਅਨਾਂ ਦੀ ਨਿਗਰਾਨੀ ਲਈ ਇਕ ਵਾਧੂ ਖੇਤਰੀ ਹੈੱਡਕੁਆਰਟਰ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲਈ 9400 ਅਸਾਮੀਆਂ ਕੱਢੀਆਂ ਜਾਣਗੀਆਂ। 

ਇਹ ਵੀ ਪੜ੍ਹੋ- ਬਿਹਾਰ ਬੋਰਡ ਇਮਤਿਹਾਨ ਦੇਣ ਪਹੁੰਚਿਆ ਢਾਈ ਫੁੱਟ ਦਾ ਸ਼ਖ਼ਸ, ਸੈਲਫ਼ੀ ਲੈਣ ਦੀ ਲੱਗੀ ਹੋੜ

ਉਨ੍ਹਾਂ ਨੇ ਦੱਸਿਆ ਕਿ ਇਹ ਕੰਮ ਸਾਲ 2025-26 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ 'ਚ ਦਫ਼ਤਰ, ਰਿਹਾਇਸ਼ੀ ਕੰਪਲੈਕਸ ਆਦਿ ਦੀ ਉਸਾਰੀ ’ਤੇ 1808 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਦੇ ਨਾਲ ਹੀ ਤਨਖਾਹ, ਰਾਸ਼ਨ ਆਦਿ 'ਤੇ ਪ੍ਰਤੀ ਸਾਲ ਲਗਭਗ 963 ਕਰੋੜ ਰੁਪਏ ਦਾ ਖ਼ਰਚ ਆਵੇਗਾ।

 

Tanu

This news is Content Editor Tanu