ਲਾਪ੍ਰਵਾਹੀ ਨਾਲ ਬੱਸਾਂ ਦੌੜਾਉਣ ਵਾਲੇ ਡਰਾਈਵਰਾਂ ਨੂੰ ਮਿਲੀ ਇਹ ਸਜ਼ਾ

12/17/2019 4:43:33 PM

ਇੰਦੌਰ (ਭਾਸ਼ਾ)— ਸੰਘਣੀ ਆਬਾਦੀ ਵਾਲੇ ਖੇਤਰ 'ਚ ਬੇਹੱਦ ਲਾਪ੍ਰਵਾਹੀ ਨਾਲ ਯਾਤਰੀ ਬੱਸਾਂ ਦੌੜਾਉਣ ਵਾਲੇ ਡਰਾਈਵਰਾਂ ਨੂੰ ਸਬਕ ਸਿਖਾਉਣ ਲਈ ਸ਼ਹਿਰ ਵਾਸੀਆਂ ਨੇ ਉਨ੍ਹਾਂ ਤੋਂ ਸੌ-ਸੌ ਉਠਕ-ਬੈਠਕ ਲਗਵਾਈ। ਇਸ ਵਾਕਿਆ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਚਸ਼ਮਦੀਦਾਂ ਮੁਤਾਬਕ ਨੇੜਲੇ ਰਾਊ ਕਸਬੇ ਦੇ ਸ਼ਹਿਰ ਵਾਸੀਆਂ ਨੇ ਸੋਮਵਾਰ ਦੀ ਦੁਪਹਿਰ ਨੂੰ 5 ਯਾਤਰੀ ਬੱਸਾਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਡਰਾਈਵਰਾਂ ਨੂੰ ਬੱਸ ਦੀ ਛੱਤ 'ਤੇ ਚੜ੍ਹਾ ਕੇ ਉਨ੍ਹਾਂ ਤੋਂ ਸੌ-ਸੌ ਉਠਕ-ਬੈਠਕਾਂ ਲਗਵਾਈਆਂ।

ਰਾਊ ਨਗਰ ਪਰੀਸ਼ਦ ਦੇ ਪ੍ਰਧਾਨ ਸ਼ਿਵਨਾਰਾਇਣ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇੰਦੌਰ ਤੋਂ ਮਹੂ, ਮਾਨਪੁਰ ਅਤੇ ਪੀਥਮਪੁਰ ਵਿਚਾਲੇ ਬੱਸ ਡਰਾਈਵਰਾਂ ਨੂੰ ਸੜਕ 'ਤੇ ਪੈਦਲ ਤੁਰਨ ਵਾਲੇ ਲੋਕਾਂ ਦੀ ਜਾਨ ਦੀ ਕੋਈ ਪਰਵਾਹ ਨਹੀਂ ਹੈ। ਉਹ ਰਾਹ ਵਿਚ ਵੱਧ ਤੋਂ ਵੱਧ ਸਵਾਰੀਆਂ ਚੜ੍ਹਾਉਣ ਲਈ ਤੇਜ਼ ਰਫਤਾਰ ਨਾਲ ਬੱਸਾਂ ਦੌੜਾਉਂਦੇ ਹਨ। ਇਸ ਵਜ੍ਹਾ ਤੋਂ ਲੰਘੇ ਕਈ ਸਾਲਾਂ ਵਿਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਿਵਨਾਰਾਇਣ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਤੇਜ਼ ਰਫਤਾਰ ਨਾਲ ਬੱਸਾ ਦੌੜਾਉਣ ਵਾਲੇ ਜਿਨ੍ਹਾਂ ਡਰਾਈਵਰਾਂ ਨੇ ਉਠਕ-ਬੈਠਕ ਲਾਈ ਹੈ, ਉਨ੍ਹਾਂ ਨੂੰ ਭਵਿੱਖ 'ਚ ਆਪਣੀ ਲਾਪ੍ਰਵਾਹੀ 'ਤੇ ਸ਼ਰਮਾ ਆਵੇਗੀ ਅਤੇ ਉਹ ਅੱਗੇ ਤੋਂ ਪੂਰੀ ਸਾਵਧਾਨੀ ਨਾਲ ਬੱਸ ਚਲਾਉਣਗੇ। ਰਾਊ ਪੁਲਸ ਥਾਣੇ ਦੇ ਮੁਖੀ ਦਿਨੇਸ਼ ਨੇ ਕਿਹਾ ਕਿ ਸਾਨੂੰ ਸ਼ਹਿਰ ਵਾਸੀਆਂ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ। ਅਸੀਂ ਫਿਲਹਾਲ ਇਨ੍ਹਾਂ ਡਰਾਈਵਰਾਂ ਨੂੰ ਚਿਤਾਵਨੀ ਦੇ ਰਹੇ ਹਾਂ, ਜੇਕਰ ਉਹ ਨਹੀਂ ਸੁਧਰੇ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Tanu

This news is Content Editor Tanu