ਬ੍ਰਿਟਿਸ਼ ਅਥਾਰਟੀ ਦਾ ਕਾਰਨਾਮਾ, ਨੀਰਵ ਮੋਦੀ ਨਾਲ ਸਾਂਝਾ ਕਰੇਗੀ ਭਾਰਤੀ ਜਾਂਚ ਰਿਪੋਰਟ

09/18/2018 4:04:44 PM

ਨਵੀਂ ਦਿੱਲੀ — ਬ੍ਰਿਟਿਸ਼ ਅਥਾਰਟੀ ਨੇ ਭਾਰਤੀ ਏਜੰਸੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਭਾਰਤ ਵਲੋਂ ਸੌਂਪੇ ਜਾਣ ਵਾਲੇ ਦਸਤਾਵੇਜ਼ਾਂ ਨੂੰ ਨੀਰਵ ਮੋਦੀ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਇਨ੍ਹਾਂ ਜਾਂਚ ਦਸਤਾਵੇਜ਼ਾਂ ਵਿਚ ਆਮਤੌਰ 'ਤੇ ਜਾਂਚ ਦੇ ਵੇਰਵੇ, ਸਬੂਤ ਅਤੇ ਗਵਾਹੀਆਂ ਸ਼ਾਮਲ ਹੁੰਦੀਆਂ ਹਨ। ਬ੍ਰਿਟਿਸ਼ ਸਰਕਾਰ ਦੇ ਇਸ ਕਦਮ ਨਾਲ ਨੀਰਵ ਮੋਦੀ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ।

ਬ੍ਰਿਟਿਸ਼ ਅਥਾਰਟੀ ਦਾ ਦਾਅਵਾ

ਬ੍ਰਿਟਿਸ਼ ਅਥਾਰਟੀ ਨੇ ਇਹ ਦਾਅਵਾ ਕੀਤਾ ਹੈ ਕਿ ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਘਪਲੇ ਦੀ 13,578 ਕਰੋੜ ਦੀ ਰਕਮ ਨੂੰ ਯੂ.ਕੇ. ਦੇ ਬੈਂਕਾਂ ਵਿਚ ਜਮ੍ਹਾਂ ਨਹੀਂ ਕਰਵਾਇਆ ਹੋਵੇਗਾ। ਭਾਰਤੀ ਜਾਂਚ ਏਜੰਸੀਆਂ ਨੇ ਯੂ.ਕੇ. ਦੇ ਦਾਅਵੇ 'ਤੇ ਨਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਅਪੀਲ ਕੀਤੀ ਹੈ ਕਿ ਨੀਰਵ ਮੋਦੀ ਦੀ ਸਪੁਰਦਗੀ ਲਈ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਜਾਂਚ ਸਬੰਧਿਤ ਦਸਤਾਵੇਜ਼ਾਂ ਨੂੰ ਨੀਰਵ ਮੋਦੀ ਨਾਲ ਸਾਂਝਾ ਨਾ ਕੀਤਾ ਜਾਵੇ। ਜੇਕਰ ਇਹ ਦਸਤਾਵੇਜ਼ ਨੀਰਵ ਮੋਦੀ ਨਾਲ ਸਪੁਰਦਗੀ ਤੋਂ ਪਹਿਲਾਂ ਸਾਂਝੇ ਕੀਤੇ ਜਾਂਦੇ ਹਨ ਤਾਂ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਨੀਰਵ ਮੋਦੀ ਇਸ ਜਾਣਕਾਰੀ ਦਾ ਫਾਇਦਾ ਲੈਂਦੇ ਹੋਏ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਝੂਠੇ ਸਬੂਤ ਇਕੱਠੇ ਕਰ ਸਕਦਾ ਹੈ।

ਯੂ.ਕੇ. ਜਾਂਚ ਏਸੰਜੀਆਂ ਵਲੋਂ ਜਾਂਚ 

ਦੇਸ਼ ਦੀ ਜਾਂਚ ਏਜੰਸੀਆਂ ਨੇ ਯੂ.ਕੇ. ਦੀ ਅਥਾਰਟੀ ਨੂੰ ਨੀਰਵ ਮੋਦੀ ਨੂੰ ਗ੍ਰਿਫਤਾਰ ਕਰਨ ਸਮੇਤ ਕਈ ਹੋਰ ਬੇਨਤੀਆਂ ਵੀ ਕੀਤੀਆਂ ਸਨ। ਭਰੋਸੇਯੋਗ ਸੂਤਰਾਂ ਨੇ ਟੀ.ਓ.ਆਈ. ਨੂੰ ਦੱਸਿਆ ਹੈ ਕਿ ਵਿੱਤੀ ਧੋਖਾਧੜੀ ਦੇ ਮਾਮਲੇ 'ਚ ਬ੍ਰਿਟਿਸ਼ ਸਰਕਾਰ ਵਲੋਂ ਸੂਚਨਾਵਾਂ ਦਾ ਵਟਾਂਦਰਾਂ ਕਰਨ ਵਾਲੀ ਬ੍ਰਿਟਿਸ਼ ਏਜੰਸੀ ਯੂ.ਕੇ. ਸੀਰੀਅਸ ਫਰਾਡ ਆਫਿਸ(ਐੱਸ.ਐੱਫ.ਓ.) ਨੇ ਇਕ ਪੱਤਰ ਲਿਖ ਕੇ ਭਾਰਤੀ ਜਾਂਚ ਏਜੰਸੀਆਂ ਕੋਲੋਂ ਪੰਜਾਬ ਨੈਸ਼ਨਲ ਬੈਂਕ ਘਪਲੇ ਦਾ ਵੇਰਵਾ ਮੰਗਿਆ ਸੀ। ਐੱਸ.ਐੱਫ.ਓ. ਨੇ ਭਾਰਤ ਨੂੰ ਪੁੱਛਿਆ ਸੀ ਕਿ ਨੀਰਵ ਮੋਦੀ ਨੇ ਕਿੰਨੇ ਦਾ ਘਪਲਾ ਕੀਤਾ ਹੈ, ਭਾਰਤ ਵਿਚ ਜ਼ਬਤ ਕਰਨ ਦੀ ਕੀ ਪ੍ਰਕਿਰਿਆ ਹੈ, ਘਪਲੇ ਦੀ ਕਿੰਨੀ ਰਕਮ ਯੂ.ਕੇ. ਟ੍ਰਾਂਸਫਰ ਕੀਤੀ ਗਈ ਅਤੇ ਘਪਲੇ ਵਿਚ ਉਸ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਸੀ। ਇਸ ਤੋਂ ਇਲਾਵਾ ਐੱਸ.ਐੱਫ.ਓ. ਨੇ ਇਹ ਵੀ ਦੱਸਿਆ ਕਿ ਯੂ.ਕੇ. ਦੇ ਕਾਨੂੰਨ ਵਿਚ ਅਜਿਹੀ ਵਿਵਸਥਾ ਹੈ ਜਿਸਦੇ ਤਹਿਤ ਭਾਰਤ ਦੀ ਬੇਨਤੀ ਜਾਂ ਚਿੱਠੀ ਨੂੰ ਦੋਸ਼ੀ(ਨੀਰਵ ਮੋਦੀ) ਨਾਲ ਸਾਂਝਾ ਕੀਤਾ ਜਾ ਸਕਦਾ ਹੈ।

ਰਕਮ ਟ੍ਰਾਂਸਫਰ ਮਾਮਲੇ 'ਚ ਨੀਰਵ ਨੂੰ ਕਲੀਨ ਚਿੱਟ

ਘਪਲੇ ਦੀ ਰਕਮ ਯੂ.ਕੇ. ਟ੍ਰਾਂਸਫਰ ਕਰਨ ਦੇ ਮਾਮਲੇ ਵਿਚ ਤਾਂ ਐੱਸ.ਐੱਫ.ਓ. ਨੇ ਕਰੀਬ-ਕਰੀਬ ਨੀਰਵ ਮੋਦੀ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਹੈ। ਐੱਸ.ਐੱਫ.ਓ. ਨੇ ਕਿਹਾ,' ਇਸ ਤਰ੍ਹਾਂ ਲੱਗਦਾ ਹੈ ਕਿ ਇਸ ਖਾਸ ਅਪਰਾਧ ਦੀ ਅਪਰਾਧਿਕ ਰਕਮ ਨੂੰ ਦੁਬਈ, ਹਾਂਗਕਾਂਗ ਅਤੇ ਯੂ.ਏ.ਈ. ਟਰਾਂਸਫਰ ਕੀਤਾ ਗਿਆ ਹੈ ਨਾ ਕਿ ਯੂ.ਕੇ.।