ਲਾੜਾ-ਲਾੜੀ ਨੂੰ ਲਿਜਾ ਰਹੀ ਕਾਰ ਨਦੀ 'ਚ ਰੁੜੀ, ਪਿੰਡ ਵਾਲਿਆਂ ਨੇ ਇੰਝ ਬਚਾਈ ਜਾਨ (ਤਸਵੀਰਾਂ)

06/22/2020 2:10:10 PM

ਪਲਾਮੂ— ਹਾਦਸਾ ਕਦੋਂ ਅਤੇ ਕਿੱਥੇ ਵਾਪਰ ਜਾਵੇ, ਇਸ ਗੱਲ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਹੁੰਦਾ। ਕੁਝ ਅਜਿਹਾ ਹੀ ਵਾਪਰਿਆ ਲਾੜਾ-ਲਾੜੀ ਨਾਲ। ਘਟਨਾ ਝਾਰਖੰਡ ਦੇ ਪਲਾਮੂ ਦੀ ਹੈ, ਜਿੱਥੇ ਵਿਆਹ ਕਰ ਕੇ ਘਰ ਪਰਤ ਰਹੇ ਲਾੜਾ-ਲਾੜੀ ਦੀ ਕਾਰ ਨਦੀ ਦੇ ਤੇਜ਼ ਵਹਾਅ 'ਚ ਵਹਿ ਗਈ। ਕਾਰ ਵਿਚ ਲਾੜਾ-ਲਾੜੀ ਸਮੇਤ 5 ਲੋਕ ਸਵਾਰ ਸਨ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਪਿੰਡ ਵਾਸੀਆਂ ਨੇ ਇਕ ਘੰਟੇ ਤੱਕ ਜਾਨ ਜ਼ੋਖਮ 'ਚ ਪਾ ਕੇ ਕਾਰ ਵਿਚ ਸਵਾਰ ਸਾਰੇ ਲੋਕਾਂ ਨੂੰ ਬਚਾ ਲਿਆ। ਇਹ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈ ਹੈ।

ਪਲਾਮੂ ਜ਼ਿਲੇ ਦੇ ਸਤਬਰਵਾ ਇਲਾਕੇ ਦੇ ਰਾਧਾਕ੍ਰਿਸ਼ਨ ਮੰਦਰ 'ਚ ਇਕ ਵਿਆਹ ਹੋਇਆ, ਵਿਆਹ ਮਗਰੋਂ ਲਾੜਾ-ਲਾੜੀ ਨੂੰ ਵਿਦਾ ਕੀਤਾ ਗਿਆ। ਲਾੜਾ ਇਕ ਕਾਰ ਵਿਚ ਆਪਣੀ ਲਾੜੀ ਨਾਲ ਆਪਣੇ ਪਿੰਡ ਰਾਜਹਰਾ ਪਰਤ ਰਿਹਾ ਸੀ ਪਰ ਪਰਤਦੇ ਸਮੇਂ ਸਤਬਰਵਾ ਖਾਮਡੀਹ ਮੇਨ ਰੋਜ ਨੇੜੇ ਕਾਰ ਨਦੀ ਦੇ ਤੇਜ਼ ਵਹਾਅ ਵਿਚ ਵਹਿ ਗਈ। ਕਾਰ ਕਰੀਬ ਅੱਧੇ ਕਿਲੋਮੀਟਰ ਤੱਕ ਨਦੀ ਵਿਚ ਰੁੜਦੀ ਚੱਲੀ ਗਈ ਪਰ ਇਸ ਦਰਮਿਆਨ ਪਿੰਡ ਵਾਲਿਆਂ ਨੇ ਦੇਖਿਆ ਕਿ ਇਕ ਕਾਰ ਪੁਲ ਤੋਂ ਨਦੀ ਵਿਚ ਡਿੱਗ ਕੇ ਵਹਿ ਰਹੀ ਹੈ। 

ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਕਾਰ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਆਪਰੇਸ਼ਨ ਸ਼ੁਰੂ ਕੀਤਾ। ਲੋਕਾਂ ਨੇ ਫਟਾਫਟ ਨਦੀ 'ਚ ਛਾਲ ਮਾਰ ਦਿੱਤੀ ਅਤੇ ਵਹਿ ਰਹੀ ਕਾਰ ਨੂੰ ਰੋਕ ਲਿਆ। ਪਿੰਡ ਵਾਲਿਆਂ ਨੇ ਆਪਣੀ ਜਾਨ 'ਤੇ ਖੇਡ ਕੇ ਸਿਰਫ ਰੱਸੀਆਂ ਦੇ ਸਹਾਰੇ ਲਾੜਾ-ਲਾੜੀ ਸਮੇਤ ਬਾਕੀ ਲੋਕਾਂ ਨੂੰ ਕਾਰ 'ਚੋਂ ਸਹੀ ਸਲਾਮਤ ਕੱਢਿਆ। ਫਿਰ ਰੱਸੀ ਦੇ ਸਹਾਰੇ ਸਾਰਿਆਂ ਨੂੰ ਬਾਹਰ ਕੱਢਿਆ।

ਚਸ਼ਮਦੀਦਾਂ ਮੁਤਾਬਕ ਕਾਰ ਵਿਚ ਪੂਰੀ ਤਰ੍ਹਾਂ ਪਾਣੀ ਭਰ ਚੁੱਕਾ ਸੀ, ਉਸ ਦੇ ਅੰਦਰ ਬੈਠੇ ਲੋਕ ਚੀਕ ਵੀ ਨਹੀਂ ਸਕਦੇ ਸਨ। ਲਾੜੇ ਦਾ ਨਾਮ ਦਿਗਵਿਜੇ ਸਿੰਘ ਪਿਤਾ ਰਾਮਲਖਨ ਸਿੰਘ ਹੈ ਅਤੇ ਉਹ ਰਾਜਹਰਾ ਵਾਸੀ ਹੈ। ਦੱਸਿਆ ਜਾ ਰਿਹਾ ਹੈ ਕਿ ਕੱਲ ਸ਼ਾਮ 5 ਵਜੇ ਸਤਬਰਵਾ ਦੇ ਰਾਧਾਕ੍ਰਿਸ਼ਨ ਮੰਦਰ 'ਚ ਉਨ੍ਹਾਂ ਦਾ ਵਿਆਹ ਹੋਇਆ। ਉਸ ਤੋਂ ਬਾਅਦ ਉਹ ਆਪਣੇ ਘਰ ਜਾ ਰਹੇ ਸਨ।

Tanu

This news is Content Editor Tanu