ਬਾਕਸਰ ਜਿਤੇਂਦਰ ਮਾਨ ਕਤਲਕਾਂਡ ''ਚ ਹੋਇਆ ਖੁਲਾਸਾ, ਪ੍ਰੇਮਿਕਾ ਨੇ ਰਚੀ ਸੀ ਸਾਜਿਸ਼

01/18/2018 6:00:09 PM

ਗ੍ਰੇਟਰ ਨੋਇਡਾ— ਯੂ.ਪੀ. 'ਚ ਜਨਪਦ ਗੌਤਮ ਬੁੱਧ ਦੇ ਗ੍ਰੇਟਰ ਨੋਇਡਾ ਇਲਾਕੇ 'ਚ ਕੌਮਾਂਤਰੀ ਬਾਕਸਰ ਜਿਤੇਂਦਰ ਮਾਨ ਕਤਲਕਾਂਡ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਇਸ ਮਾਮਲੇ 'ਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਕਮਿਸ਼ਨਰ ਦੇਹਾਤ ਸੁਨੀਤਾ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਬਾਕਸਰ ਦਾ ਕਤਲ ਤਿਕੋਣੇ ਪ੍ਰੇਮ ਪ੍ਰਸੰਗ ਕਾਰਨ ਕੀਤਾ ਗਿਆ ਹੈ। ਜਾਂਚ 'ਚ ਮਾਨ ਦੀ ਪ੍ਰੇਮਿਕਾ ਦਾ ਨਾਂ ਸਾਹਮਣੇ ਆਇਆ ਹੈ। ਮਾਨ ਦੀ ਪ੍ਰੇਮਿਕਾ ਨੇ ਆਪਣੇ ਦੂਜੇ ਪ੍ਰੇਮੀ ਅਤੇ ਬੁਲੰਦਸ਼ਹਿਰ ਦੇ ਵੱਡੇ ਮੀਟ ਕਾਰੋਬਾਰੀ ਨਾਲ ਮਿਲ ਕੇ ਕਤਲ ਦੀ ਸਾਜਿਸ਼ ਰਚੀ ਸੀ। ਪ੍ਰੇਮਿਕਾ ਨੇ ਹੀ ਗੋਲੀ ਮਾਰ ਕੇ ਜਿਤੇਂਦਰ ਦਾ ਕਤਲ ਕੀਤਾ ਸੀ।ਪੁਲਸ ਦਾ ਕਹਿਣਾ ਹੈ ਕਿ ਮਾਨ ਨੇ ਆਪਣੀ ਪ੍ਰੇਮਿਕਾ ਦਾ ਅਸ਼ਲੀਲ ਵੀਡੀਓ ਬਣਾ ਰੱਖਿਆ ਸੀ, ਜਿਸ ਨੂੰ ਕਤਲ ਦਾ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 12 ਜਨਵਰੀ ਨੂੰ ਗ੍ਰੇਟਰ ਨੋਇਡਾ ਦੇ ਏ.ਬੀ.ਪੀ. ਹਾਈਟਸ ਸੋਸਾਇਟੀ ਦੇ ਇਕ ਫਲੈਟ 'ਚ ਖਿਡਾਰੀ ਜਿਤੇਂਦਰ ਮਾਨ ਦੀ ਲਾਸ਼ ਪੁਲਸ ਨੇ ਬਰਾਮਦ ਕੀਤੀ ਸੀ। ਪੋਸਟਮਾਰਟਮ ਦੌਰਾਨ ਮਾਨ ਦੀ ਲਾਸ਼ 'ਚੋਂ 3 ਗੋਲੀਆਂ ਕੱਢੀਆਂ ਗਈਆਂ ਸਨ।