ਹੁਣ 'ਬੋਲਣ ਵਾਲੀਆਂ ਕਿਤਾਬਾਂ' ਸਹਾਰੇ ਪਾਸ ਹੋਣਗੇ ਵਿਦਿਆਰਥੀ

02/11/2019 3:10:17 PM

ਨਵੀਂ ਦਿੱਲੀ (ਸੁਰਿੰਦਰ ਪਾਲ ਸੈਣੀ)— ਬੋਰਡ ਦੀਆਂ ਪ੍ਰੀਖਿਆਵਾਂ ਆਉਂਦੇ ਹੀ ਵਿਦਿਆਰਥੀਆਂ ਦੇ ਮਨ 'ਚ ਪੜ੍ਹਾਈ ਦਾ ਤਣਾਅ ਹਾਵੀ ਹੋਣ ਲੱਗਦਾ ਹੈ। ਉਹ ਹਰ ਤਰੀਕੇ ਨਾਲ ਸਿਲੈਬਸ ਘੱਟ ਤੋਂ ਘੱਟ ਸਮੇਂ 'ਚ ਪੂਰਾ ਕਰਨਾ ਚਾਹੁੰਦੇ ਹਨ। ਅਜਿਹੇ ਸਮੇਂ 'ਚ ਉਨ੍ਹਾਂ ਦੇ ਮਨ 'ਚ ਖਿਆਲ ਜ਼ਰੂਰ ਆਉਂਦਾ ਹੋਵੇਗਾ ਕਿ ਜੇਕਰ ਕਿਤਾਬਾਂ ਬੋਲਣ ਵਾਲੀਆਂ ਹੁੰਦੀਆਂ ਤਾਂ ਕਿੰਨਾ ਚੰਗਾ ਹੁੰਦਾ। ਵਿਦਿਆਰਥੀਆਂ ਦੀ ਇਸੇ ਇੱਛਾ ਨੂੰ ਮਹਿਸੂਸ ਕਰਦੇ ਹੋਏ ਦਿੱਲੀ 'ਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ 'ਚ ਲੱਗੀਆਂ ਪੰਜਾਬੀ ਅਧਿਆਪਕਾਂ ਦੀ ਬਣਾਈ ਗਈ ਇਕ ਸੰਸਥਾ 'ਪੰਜਾਬੀ ਹੈਲਪ ਲਾਈਨ' ਨੇ ਪੰਜਾਬੀ ਦੇ ਵਿਦਿਆਰਥੀਆਂ ਲਈ ਪੰਜਾਬੀ ਪਾਠ ਪੁਸਤਕਾਂ ਨੂੰ ਆਵਾਜ਼ ਦੇ ਰੂਪ 'ਚ ਸੀ.ਡੀ. ਦਾ ਰੂਪ ਦੇ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹੂਲੀਅਤ ਲਈ ਇਸ ਸੰਸਥਾ ਨੂੰ ਚਲਾਉਣ ਵਾਲੇ ਪ੍ਰਕਾਸ਼ ਸਿੰਘ ਗਿੱਲ, ਐੱਸ.ਪੀ. ਸਿੰਘ, ਜਸਵਿੰਦਰ ਕੌਰ, ਮਹਿੰਦਰ ਮੁੰਜਾਲ ਅਤੇ ਸੁਨੀਲ ਕੁਮਾਰ ਬੇਦੀ ਸਾਰੇ ਦਿੱਲੀ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਦੇ ਅਧਿਆਪਕ ਹਨ। ਆਉਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ 10ਵੀਂ ਅਤੇ 12ਵੀਂ ਜਮਾਤਾਂ ਦੀਆਂ ਪੰਜਾਬੀ ਪਾਠ ਪੁਸਤਕਾਂ ਦੀ ਸੀ.ਡੀ. ਨੂੰ ਤਿਆਰ ਕਰ ਕੇ ਸੰਸਥਾ ਵਲੋਂ ਮੁਫ਼ਤ ਵੰਡੀਆਂ ਜਾ ਰਹੀਆਂ ਹਨ।

ਪ੍ਰਕਾਸ਼ ਸਿੰਘ ਗਿੱਲ ਅਨੁਸਾਰ ਸੰਸਥਾ ਦਾ ਮਕਸਦ ਪੂਰੇ ਦੇਸ਼ 'ਚ ਪੰਜਾਬੀ ਦੀ ਸੀ.ਬੀ.ਐੱਸ.ਈ. (ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ) ਬੋਰਡ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ ਨੂੰ ਸਰਲ ਢੰਗ ਨਾਲ ਪਾਠ ਅਤੇ ਪਾਠਕ੍ਰਮ ਸਮਝਾਉਣਾ ਹੈ। ਇਸ ਸੀ.ਡੀ. 'ਚ ਕਵਿਤਾ, ਕਹਾਣੀ, ਵਾਰਤਕ ਤੋਂ ਇਲਾਵਾ ਵਿਆਕਰਨ ਅਤੇ ਪੇਪਰ ਕਰਨ ਦੇ ਤਰੀਕਿਆਂ ਨੂੰ ਵੀ ਸਮਝਾਇਆ ਗਿਆ ਹੈ। ਪੰਜਾਬੀ ਹੈਲਪ ਲਾਈਨ ਦੇ ਇਸ ਨਵੀਨ ਕੰਮ ਦੀ ਪੰਜਾਬੀ ਜਗਤ 'ਚ ਕਾਫੀ ਪ੍ਰਸ਼ੰਸਾ ਦੇਖੀ ਜਾ ਰਹੀ ਹੈ। ਦਿੱਲੀ ਤੋਂ ਬਾਹਰ ਦੇ ਰਾਜਾਂ 'ਚ ਵੀ ਡਾਕ ਰਸਤੇ ਇਸ ਸੀ.ਡੀ. ਨੂੰ ਮੁਫ਼ਤ ਪਹੁੰਚਾਉਣ ਦਾ ਇੰਤਜ਼ਾਮ ਸੰਸਥਾ ਵਲੋਂ ਕੀਤਾ ਜਾ ਰਿਹਾ ਹੈ। ਮਹਿੰਦਰ ਮੁੰਜਾਲ ਅਨੁਸਾਰ ਆਧੁਨਿਕ ਤਕਨੀਕ ਅਤੇ ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਪਾਠਾਂ ਨੂੰ 'ਵਟਸਐੱਪ' ਰੂਪ ਵੀ ਤਿਆਰ ਕਰ ਕੇ ਅਧਿਆਪਕਾਂ ਕੋਲ ਪਹੁੰਚਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਹੈਲਪ ਲਾਈਨ ਦਿੱਲੀ 'ਚ ਵਿਦਿਆਰਥੀਆਂ ਨੂੰ ਪੰਜਾਬੀ ਮਾਧਿਅਮ 'ਚ ਸਿਵਲ ਸਰਵਿਸੇਜ਼ ਦੀ ਪ੍ਰੀਖਿਆ ਦੇਣ ਲਈ ਪ੍ਰੇਰਿਤ ਕਰਦੀ ਹੈ ਅਤੇ ਪੰਜਾਬੀ ਭਾਸ਼ਾ 'ਚ ਕੈਰੀਅਰ ਬਾਰੇ ਦੱਸਣ ਲਈ ਸਕੂਲ-ਕਾਲਜਾਂ 'ਚ ਕੌਂਸਲਿੰਗ ਦਾ ਆਯੋਜਨ ਵੀ ਕਰਦੀ ਹੈ।

DIsha

This news is Content Editor DIsha