ਭਾਜਪਾ ਦੀ ਰੈਲੀ ਤੋਂ ਬਾਅਦ TMC ਨੇ ਗੰਗਾ ਜਲ ਨਾਲ ਕੀਤਾ ਸ਼ੁੱਧੀਕਰਨ

12/09/2018 10:28:20 AM

ਕੂਚ ਬਿਹਾਰ— ਪੱਛਮੀ ਬੰਗਾਲ ਦੇ ਕੂਚ ਬਿਹਾਰ 'ਚ ਟੀ.ਐੱਮ.ਸੀ. ਵਰਕਰਾਂ ਨੇ ਜਿਸ ਜਗ੍ਹਾ 'ਤੇ ਭਾਜਪਾ ਦੀ ਰੈਲੀ ਹੋਈ ਸੀ, ਉੱਥੇ ਗੋਬਰ ਲਗਾਉਣ ਤੋਂ ਬਾਅਦ ਗੰਗਾ ਜਲ ਛਿੜਕਿਆ। ਟੀ.ਐੱਮ.ਸੀ. ਦਾ ਕਹਿਣਾ ਹੈ ਕਿ ਭਾਜਪਾ ਨੇ ਇੱਥੇ ਰੈਲੀ 'ਤੇ ਫਿਰਕੂ ਨਫ਼ਰਤ ਦਾ ਸੰਦੇਸ਼ ਦਿੱਤਾ ਹੈ। ਅਸੀਂ ਹਿੰਦੂ ਪਰੰਪਰਾ ਅਨੁਸਾਰ ਇਸ ਜਗ੍ਹਾ ਨੂੰ ਸ਼ੁੱਧ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਭਾਜਪਾ ਵੱਲੋਂ ਇਹ ਰੈਲੀ ਆਯੋਜਿਤ ਕੀਤੀ ਗਈ ਸੀ।

ਟੀ.ਐੱਮ.ਸੀ. ਨੇਤਾ ਪੰਕਜ ਘੋਸ਼ ਨੇ ਕਿਹਾ,''ਟੀ.ਐੱਮ.ਸੀ. ਦੇ ਵਰਕਰਾਂ ਨੇ ਇਸ ਜਗ੍ਹਾ ਨੂੰ ਗਾਂ ਦੇ ਗੋਬਰ ਨਾਲ ਲੇਪਣ ਤੋਂ ਬਾਅਦ ਗੰਗਾ ਜਲ ਛਿੜਕ ਕੇ ਸ਼ੁੱਧੀਕਰਨ ਕੀਤਾ ਹੈ। ਭਾਜਪਾ ਨੇ ਸ਼ਨੀਵਾਰ ਇੱਥੇ ਰੈਲੀ ਕੀਤੀ ਸੀ, ਉਸ ਤੋਂ ਬਾਅਦ ਅਸੀਂ ਇਹ ਕੀਤਾ। ਭਾਜਪਾ ਨੇ ਇੱਥੋਂ ਫਿਰਕੂ ਸੰਦੇਸ਼ ਦਿੱਤਾ ਸੀ। ਇਹ ਭਗਵਾਨ ਮਦਨਮੋਹਨ ਦਾ ਘਰ ਹੈ ਅਤੇ ਅਸੀਂ ਹਿੰਦੂ ਪਰੰਪਰਾ ਅਨੁਸਾਰ ਇਸ ਜਗ੍ਹਾ ਨੂੰ ਸ਼ੁੱਧ ਕੀਤਾ ਹੈ।''

ਪੱਛਮੀ ਬੰਗਾਲ 'ਚ ਟੀ.ਐੱਮ.ਸੀ. ਅਤੇ ਭਾਜਪਾ ਵਰਕਰਾਂ ਦਰਮਿਆਨ ਝੜਪ ਕੋਈ ਨਵੀਂ ਗੱਲ ਨਹੀਂ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਜਲਪਾਈਗੁੜੀ 'ਚ ਭਾਜਪਾ ਦੀ ਰੈਲੀ ਰੋਕਣ 'ਤੇ ਭਾਜਪਾ ਨੇਤਾਵਾਂ ਨੇ ਇਸ ਨੂੰ ਟੀ.ਐੱਮ.ਸੀ. ਦੀ ਸਾਜਿਸ਼ ਕਰਾਰ ਦਿੱਤਾ ਸੀ। ਇਸੇ ਸਾਲ ਬੰਗਾਲ 'ਚ ਹੋਈਆਂ ਪੰਚਾਇਤ ਚੋਣਾਂ ਦੌਰਾਨ ਬੀਰਭੂਮ ਇਲਾਕੇ 'ਚ ਭਾਜਪਾ ਅਤੇ ਟੀ.ਐੱਮ.ਸੀ. ਵਰਕਰਾਂ ਦਰਮਿਆਨ ਹਿੰਸਕ ਝੜਪ ਦੀ ਘਟਨਾ ਹੋਈ ਸੀ।